ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਪੰਜਾਬ ‘ਤੇ ਆਪਣੇ ਕੈਬਨਿਟ ਮੰਤਰੀ,ਜਿਸ ‘ਤੇ ਵੱਡੇ ਇਲਜ਼ਾਮ ਲੱਗੇ ਹਨ,ਨੂੰ ਬਚਾਉਣ ਦੇ ਇਲਜ਼ਾਮ ਲਗਾਏ ਹਨ ਤੇ ਇਸ ਮੁੱਦੇ ਨੂੰ ਇੱਕ ਵਾਰ ਫਿਰ ਤੋਂ ਚੁੱਕਿਆ ਹੈ।
ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਰੁਬਰੂ ਹੁੰਦੇ ਹੋਏ ਖਹਿਰਾ ਨੇ ਸਰਕਾਰ ਵੱਲੋਂ ਆਪਣੇ ‘ਤੇ ਨਾਜਾਇਜ਼ ਕੇਸ ਦਰਜ ਕਰਨ ਦੇ ਦੋਸ਼ ਵੀ ਲਾਏ ਹਨ। ਖਹਿਰਾ ਨੇ ਕਿਹਾ ਹੈ ਕਿ 1 ਮਈ ਨੂੰ ਉਹਨਾਂ ਨੇ ਰਾਜਪਾਲ ਪੰਜਾਬ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਦੀਆਂ ਵਿਵਾਦਿਤ ਵੀਡੀਓ ਸੌਂਪੀਆਂ ਸੀ ਤੇ ਇਹਨਾਂ ਦੀ ਫੌਰੈਂਸਿਕ ਜਾਂਚ ਵਿੱਚ ਵੀ ਇਹ ਸਾਬਤ ਹੋਇਆ ਹੈ ਕਿ ਇਹ ਅਸਲੀ ਹੈ ਤੇ ਇਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ ਪਰ ਹਾਲੇ ਤੱਕ ਇਸ ਮੰਤਰੀ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ।
ਉਲਟਾ ਸੱਤਾਧਾਰੀ ਧਿਰ ਵੱਲੋਂ ਐਸਡੀਐਮ ਤੋਂ ਧੱਕੇ ਨਾਲ ਸ਼ਿਕਾਇਤਾਂ ਦਰਜ ਕਰਵਾ ਕੇ ਉਹਨਾਂ ਨੂੰ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ।ਉਹਨਾਂ ਦੇ ਖਿਲਾਫ਼ ਗੁਪਤ ਐਫਆਈਆਰ ਕੀਤੀ ਗਈ ਪਰ ਹਾਈ ਕੋਰਟ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਖਹਿਰਾ ਨੇ ਕਿਹਾ ਹੈ ਕਿ ਉਹਨਾਂ ਦੇ ਖਿਲਾਫ਼ 13ਵਾਂ ਪਰਚਾ ਦਰਜ ਹੋਇਆ ਹੈ ਪਰ ਜਿਥੇ ਪਹਿਲੇ ਪਰਚੇ ਨੀ ਟਿਕੇ , ਉਥੇ ਇਹ ਵੀ ਨਹੀਂ ਟਿਕਣੇ। ਉਹਨਾਂ ਦਾਅਵਾ ਕੀਤਾ ਹੈ ਕਿ ਸਰਕਾਰ ਚਾਹੇ ਜੋ ਮਰਜੀ ਕਰ ਲਵੇ ਪਰ ਉਹ ਡਰਨ ਵਾਲੇ ਨਹੀਂ ਹਨ।
ਉਹਨਾਂ ਪੁਲਿਸ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਤਰਾਂ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਨਾ ਬਣੇ।ਸਮਾਂ ਇਕਸਾਰ ਨਹੀਂ ਰਹਿੰਦਾ।
ਖਹਿਰਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਰਕਾਰ ਦੇ ਕੈਬਨਿਟ ਮੰਤਰੀ ਤੇ ਇਲਜ਼ਾਮ ਲਾਉਣ ਵਾਲੇ ਵਿਅਕਤੀ ਦੇ ਪਿਤਾ ਦੀ ਮਦਦ ਕਰਨ ਵਾਲੇ ਉਹਨਾਂ ਦੇ ਪਿੰਡ ਢਾਕੀ ਸੈਦਾਂ,ਪਠਾਨਕੋਟ ਦੇ ਸਰਪੰਚ ‘ਤੇ ਹੀ ਪਰਸੋਂ ਕੇਸ ਦਰਜ ਕਰ ਦਿੱਤਾ ਗਿਆ ਹੈ। ਇਹ ਕੇਸ ਜੰਗਲਾਤ ਮਹਿਕਮੇ ਵੱਲੋਂ ਕੀਤਾ ਗਿਆ ਹੈ,ਜੋ ਕਿ ਮਾਨ ਸਰਕਾਰ ਦੇ ਇਸ ਮੰਤਰੀ ਦਾ ਆਪਣਾ ਮਹਿਕਮਾ ਹੈ। ਖਹਿਰਾ ਨੇ ਇਹ ਵੀ ਦੱਸਿਆ ਹੈ ਕਿ ਪੁਲਿਸ ਦੇ ਦੋ ਵੱਡੇ ਅਧਿਕਾਰੀ ਵੀ ਇਸ ਕੇਸ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਹਨ।
ਕੈਬਨਿਟ ਮੰਤਰੀ ਬਾਰੇ ਮਾਮਲੇ ਬਣਾਏ ਗਈ ਐਸਆਈਟੀ ‘ਤੇ ਵੀ ਖਹਿਰਾ ਨੇ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਇਹ ਸਾਰੀ ਕਾਰਵਾਈ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਕੀਤੀ ਗਈ ਹੈ ਜਦੋਂ ਕਿ ਪੀੜਤ ਤੇ ਉਸ ਦੇ ਸੋਸ਼ਣ ਦੀਆਂ ਵੀਡੀਓ ਸਾਹਮਣੇ ਆਉਣ ‘ਤੇ ਹੋਰ ਕੀ ਸਬੂਤ ਚਾਹੀਦੇ ਸੀ ?
ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਆਪਣੇ ਮੰਤਰੀ ਨੂੰ ਬਚਾਉਣ ਦੀ ਬਜਾਇ ਕੈਬਨਿਟ ਵਿੱਚੋਂ ਬਾਹਰ ਦਾ ਰਸਤੇ ਦਿਖਾਵੇ ਤੇ ਬਣਦੀ ਕਾਰਵਾਈ ਵੀ ਕਰੇ ।
ਖਹਿਰਾ ਨੇ ਪੱਤਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੇ ਮੰਤਰੀਆਂ ਤੋਂ ਇਸ ਸੰਬੰਧੀ ਸਵਾਲ ਪੁੱਛਣ,ਸੱਚਾਈ ਸਾਹਮਣੇ ਆ ਜਾਵੇਗੀ। ਉਹਨਾਂ ਦਾਅਵਾ ਕੀਤਾ ਹੈ ਕਿ ਐਸਆਈਟੀ ਸਿਰਫ਼ ਦੋਸ਼ੀ ਨੂੰ ਬਚਾਉਣ ਲਈ ਬਣੀ ਹੈ। ਇਸ ਨੂੰ ਪਹਿਲਾਂ ਕੈਬਨਿਟ ਮੰਤਰੀ ਦਾ ਬਿਆਨ ਲੈਣਾ ਚਾਹੀਦਾ ਹੈ ਕਿ ਇਹ ਉਸ ਦੀ ਵੀਡੀਓ ਹੈ ਜਾਂ ਨਹੀਂ, ਨਾ ਕਿ ਪੀੜਿਤ ਵੱਲ ਹੋ ਜਾਣਾ ਚਾਹੀਦਾ ਹੈ।