ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚੋਂ ਅੰਮ੍ਰਿਤਸਰ ਦੇ ਧਮਾਕਿਆਂ ਦੇ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੁਣ ਸ਼੍ਰੋਮਣਈ ਗੁਰਦੁਆਰਾ ਪ੍ਰਬੰਧਕ ਕਮੇਟੀ( SGPC) ਨੇ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈਕੇ ਵੱਡੇ ਬਦਲਾਅ ਕੀਤੇ ਹਨ। ਸਭ ਤੋਂ ਪਹਿਲਾਂ ਤਾਂ ਸ੍ਰੀ ਦਰਬਾਰ ਸਾਹਿਬ ਦਾਖਲ ਹੋਣ ਵਾਲੇ ਸਾਰੇ ਗੇਟ ‘ਤੇ ਔਰਤ ਸੇਵਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿੰਨਾਂ ਵੱਲੋਂ ਬੈਗ ਵਿੱਚ ਰੱਖੇ ਸਮਾਨ ਦੀ ਚੈਕਿੰਗ ਕਰਨ ਤੋਂ ਬਾਅਦ ਹੀ ਮਹਿਲਾ ਸ਼ਰਧਾਲੂਆਂ ਨੂੰ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਵੱਡੀਆਂ-ਵੱਡੀਆਂ ਐਲਈਡੀ(LED) ਸਕ੍ਰੀਨ ਲਗਾਈ ਗਈ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨਾਲ ਜੁੜੀ ਜਾਣਕਾਰੀਆਂ ਲਿਖੀਆਂ ਗਈਆਂ ਹਨ। ਇਹ ਜਾਣਕਾਰੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੋਂ ਭਾਸ਼ਾਵਾਂ ਵਿੱਚ ਹਨ। ਪਿਛਲੇ ਦਿਨੀਂ ਹੋਏ ਸਕਰਟ ਵਿਵਾਦ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਸੇਵਾਦਾਰ ਵੱਲੋਂ ਇੱਕ ਕੁੜੀ ਨੂੰ ਮਰਿਆਦਾ ਮੁਤਾਬਕ ਸਕਰਟ ਪਾਉਣ ਦੀ ਵਜ੍ਹਾ ਕਰਕੇ ਰੋਕਿਆ ਗਿਆ ਸੀ ਉਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਜਿਸ ਤਰ੍ਹਾਂ ਨਾਲ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਇੱਕ ਮਹਿਲਾ ਵੱਲੋਂ ਸਰੋਵਰ ਦੇ ਆਲੇ-ਦੁਆਲੇ ਬੈਠ ਕੇ ਸ਼ਰਾਬ ਪੀਣ ਦੀ ਘਟਨਾ ਸਾਹਮਣੇ ਆਈ ਹੈ, ਹਰ ਗੁਰਦੁਆਰੇ ਸਾਹਿਬ ਨੂੰ ਤਕਨੀਕੀ ਅਤੇ ਮਨੁੱਖੀ ਪੱਧਰ ‘ਤੇ ਚੌਕਸ ਬਣਾਉਣ ਦੀ ਜ਼ਰੂਰਤ ਹੈ।
LED ਦੇ ਜ਼ਰੀਏ ਇਤਿਹਾਸ ਵੀ ਦੱਸਿਆ ਜਾਵੇਗਾ
ਇਸ ਤੋਂ ਇਲਾਵਾ LED ਸਕ੍ਰੀਨ ਨੂੰ ਲਗਾਉਣ ਦਾ ਇੱਕ ਹੋਰ ਮਕਸਦ ਹੈ। ਇਸ ਦੇ ਜ਼ਰੀਏ ਸ੍ਰੀ ਅਕਾਲ ਤਖਤ ਸਾਹਿਬ,ਮੀਰੀ ਪੀਰੀ ਦੇ ਨਿਸ਼ਾਨ, ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ, ਲਾਚੀ ਬੇਰ ਸਾਹਿਬ ਦੇ ਇਤਿਹਾਸ ਬਾਰੇ ਵੀ ਅਹਿਮ ਜਾਣਕਾਰੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇਗੀ। SGPC ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਵਾਲੇ ਸਾਰੇ ਰਸਤਿਆਂ ਵਿੱਚ ਸਕੈਨਰ ਲਗਾਉਣ ਜਾ ਰਹੇ ਹਨ। ਇਸ ਤੋਂ ਇਲਾਵਾ CCTV ਕੈਮਰਿਆਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਸ ਤੋਂ ਪਹਿਲਾਂ ਜਦੋਂ ਵੀਰਵਾਰ ਨੂੰ 11 ਮਈ ਨੂੰ ਸਰਾਂ ਤੋਂ ਧਮਾਕੇ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਸੀ ਤਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਵਿੱਚ ਵੀ ਉਹ ਹੁਣ ਆਪਣੇ ਕੈਮਰੇ ਲਗਾਉਣਗੇ ਤਾਂਕਿ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖੀ ਜਾਵੇਂ। ਗਲਿਆਰੇ ਦੇ ਆਲੇ-ਦੁਆਲੇ ਕਮੇਟੀ ਅਧੀਨ ਆਉਂਦੀਆਂ ਕਈ ਸਰਾਂ ਹਨ, ਜਿੰਨਾਂ ਵਿੱਚ ਸ਼ਰਧਾਲੂ ਰੁਕ ਦੇ ਹਨ ।
CCTV ਦੇ ਅਲਰਟ ਹੋਣ ਦੀ ਵਜ੍ਹਾ ਕਰਕੇ ਮੁਲਜ਼ਮ ਫੜੇ ਗਏ
SGPC ਦੀ CCTV ਟੀਮ ਦੇ ਅਲਰਟ ਹੋਣ ਦੀ ਵਜ੍ਹਾ ਕਰਕੇ ਸਰਾਂ ਵਿੱਚ ਲੁਕੇ ਬੰਬ ਧਮਾਕਿਆਂ ਦੇ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬੀ ਮਿਲੀ ਸੀ। ਸ੍ਰੀ ਦਰਬਾਰ ਸਾਹਿਬ ਦੇ ਮੇਨ ਗੇਟ ‘ਤੇ ਪੁਲਿਸ ਤਾਇਨਾਤ ਤਾਂ ਹੁੰਦੀ ਹੈ ਪਰ ਉਨ੍ਹਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਇਸੇ ਲਈ SGPC ਨੇ ਆਪ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਹੈ।
SGPC ਵੱਲੋਂ ਸੰਗਤਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸੇਵਾਦਾਰਾਂ ਦੇ ਨਾਲ ਸਹਿਯੋਗ ਕਰਨ ਤਾਂਕਿ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ ਜਾ ਸਕੇ। 2 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਵੱਡੀ ਘਟਨਾ ਹੋਈ ਸੀ, ਇੱਕ ਸ਼ਖ਼ਸ ਨੇ ਰਹਿਰਾਸ ਦੇ ਪਾਠ ਦੌਰਾਨ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸੇਵਾਦਾਰਾਂ ਨੇ ਉਸ ਨੂੰ ਫੜ ਲਿਆ ਸੀ ਅਤੇ ਬਾਅਦ ਵਿੱਚੋਂ ਸੰਗਤਾਂ ਵੱਲੋਂ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਸੀ।