ਲੁਧਿਆਣਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਿੱਚ ਐਕਟਿਵਾ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ 6 ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਉਸਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾ ਆਪਣੇ ਬੱਚੇ ਨੂੰ ਸਕੂਲ ਛੱਡਣ ਦੇ ਲਈ ਜਾ ਰਹੀ ਸੀ। ਲੋਕਾਂ ਨੇ ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੂੰ ਮੌਕੇ ਤੋਂ ਹੀ ਫੜ੍ਹ ਲਿਆ ।
ਇਹ ਸੜਕ ਹਾਦਸਾ ਚੰਡੀਗੜ੍ਹ ਰੋਡ ‘ਤੇ ਵਰਧਮਾਨ ਪਾਰਕ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਹੈਂਪਟਨ ਹੋਮਜ਼ ਨੇੜੇ ਨਾਰਾਇਣ ਸਕੂਲ ਵਿਚ ਅਪਣੇ ਬੱਚੇ ਨੂੰ ਛੱਡਣ ਜਾ ਰਹੀ ਸੀ। ਮ੍ਰਿਤਕ ਬੱਚੇ ਦੀ ਪਛਾਣ ਵਿਵਾਨ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਵਿਵਾਨ ਦਾ ਜਨਮ 10 ਸਾਲ ਬਾਅਦ ਹੋਇਆ ਸੀ।
ਵਿਵਾਨ ਨਰਸਰੀ ਵਿਚ ਪੜ੍ਹਦਾ ਸੀ। ਮਹਿਲਾ ਦਾ ਨਾਂ ਮੋਨਿਕਾ ਓਬਰਾਏ ਦਸਿਆ ਜਾ ਰਿਹਾ ਹੈ, ਜੋ ਕਿ ਇਕ ਸਕੂਲ ਵਿਚ ਵਾਈਸ ਪ੍ਰਿੰਸੀਪਲ ਹੈ। ਜਿਵੇਂ ਹੀ ਉਹ ਵਰਧਮਾਨ ਪਾਰਕ ਨੇੜੇ ਪਹੁੰਚੀ ਤਾਂ ਸਰੀਏ ਨਾਲ ਲੱਦੇ ਟਰੱਕ ਦੇ ਪਿਛਲੇ ਟਾਇਰ ਨੇ ਉਨ੍ਹਾਂ ਦੀ ਸਕੂਟੀ ਨੂੰ ਚਪੇਟ ਵਿੱਚ ਲੈ ਲਿਆ। ਇਸ ਹਾਦਸੇ ਤੋਂ ਬਾਅਦ ਐਕਟਿਵਾ ਕਾਫ਼ੀ ਦੂਰ ਜਾ ਕੇ ਡਿੱਗੀ। ਵਿਵਾਨ ਦੀ ਸਿਰ ‘ਤੇ ਟਾਇਰ ਚੜ੍ਹਨ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ , ਜਦਕਿ ਮੋਨਿਕਾ ਦੇ ਪੈਰਾਂ ਨੂੰ ਟਾਇਰ ਨੇ ਕੁਚਲ ਦਿੱਤਾ।
ਹਾਦਸੇ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਐਂਬੂਲੈਂਸ ਨੂੰ ਸੂਚਨਾ ਦਿਤੀ ਅਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਲੋਕਾਂ ਨੇ ਮੌਕੇ ’ਤੇ ਭੱਜਦੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਨੇ ਮੁਲਜ਼ਮ ਡਰਾਈਵਰ ਵਿਰੁਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉੱਥੇ ਹੀ ਘਟਨਾ ਦੇ ਬਾਅਦ ਬੱਚੇ ਦੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।