Punjab

ਦਸੂਹੇ ਦੇ ਇਸ ਇਤਿਹਾਸਕ ਪਿੰਡ ਤੋਂ CM ਮਾਨ ਨੇ ਕਰਤੇ ਆਹ ਐਲਾਨ,ਇਲਾਕੇ ਨੂੰ ਬਣਾਇਆ ਜਾਵੇਗਾ ਟੂਰਿਜ਼ਮ ਹੱਬ

ਦਸੂਹਾ : ਅੱਜ ਸਿੱਖ ਕੌਮ ਦੇ ਮਹਾਨ ਯੌਧੇ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਉਹਨਾਂ ਨਾਲ ਸੰਬੰਧਿਤ ਇਤਿਹਾਸਕ ਪਿੰਡ ਸਿੰਘਪੁਰ ਜੱਟਾਂ,ਦਸੂਹਾ ਵਿਖੇ ਆਮ ਲੋਕਾਂ ਨੂੰ ਸੰਬੋਧਨ ਕੀਤਾ ਤੇ ਕਈ ਵੱਡੇ ਐਲਾਨ ਵੀ ਕੀਤੇ। ਉਹਨਾਂ ਇਸ ਇਤਿਹਾਸਕ ਪਿੰਡ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਇਸ ਇਲਾਕੇ ਵਿੱਚ ਕਾਲਜ ਦੀ ਲੋੜ ਹੈ ਸੋ ਇਲਾਕਾ ਨਿਵਾਸੀ ਰਾਇ ਕਰਕੇ ਇਹ ਦੱਸਣ ਕਿ ਉਹਨਾਂ ਨੂੰ ਲਾਅ ਕਾਲਜ ਚਾਹੀਦਾ ਹੈ ਜਾਂ ਆਮ ਕਾਲਜ,ਸਰਕਾਰ ਕਾਲਜ ਬਣਾਉਣ ਵਿੱਚ ਪੂਰੀ ਸਹਾਇਤਾ ਦੇਵੇਗੀ ਤੇ ਤਾਂ ਜੋ ਇਲਾਕੇ ਦੇ ਬੱਚੇ ਪੜ ਲਿਖ ਕੇ ਅੱਗੇ ਵੱਧ ਸਕਣ। ਇਸ ਇਲਾਕੇ ਨੂੰ ਹੁਣ ਪੱਛੜਿਆ ਇਲਾਕਾ ਨਹੀਂ ਕਿਹਾ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਦਸੂਹਾ ਤੋਂ ਹਾਜੀਪੁਰ ਸੜਕ ਦਾ ਨਾਂ ਵੀ ਜੱਸਾ ਸਿੰਘ ਰਾਮਗੜੀਆ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਹੈ ਤੇ ਇਸ ਤੋਂ ਇਲਾਵਾ ਇਲਾਕੇ ਦੀਆਂ ਹੋਰ ਸੜਕਾਂ ਦੀ ਹਾਲਤ ਸੁਧਾਰਨ ਲਈ ਵੀ ਕੰਮ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਹੈ।

ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਲਾਕੇ ਵਿੱਚ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਇਸ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਵੱਡਾ ਪ੍ਰੌਜੈਕਟ ਲਿਆਂਦਾ ਜਾ ਰਿਹਾ ਹੈ ਤੇ ਫਿਲਮ ਸਿਟੀ ਦਾ ਨਿਰਮਾਣ ਵੀ ਕੀਤਾ ਜਾਵੇਗਾ।

ਮਾਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਹ ਇਤਿਹਾਸਕ ਪਿੰਡ ਜੱਸਾ ਸਿੰਘ ਰਾਮਗੜੀਆ ਦੀਆਂ ਮੁਹਿਮਾਂ ਦਾ ਗਵਾਹ ਰਿਹਾ ਹੈ। ਉਹਨਾਂ ਕਾਫੀ ਸਮਾਂ ਇਥੇ ਵਾਸ ਕੀਤਾ। ਸਾਡੇ ਕੋਲ ਕੁਰਬਾਨੀਆਂ ਦਾ ਵੱਡਾ ਇਤਿਹਾਸ ਹੈ। ਪੰਜਾਬ ਦਾ ਹਰ ਪਿੰਡ ਕਿਸੇ ਨਾ ਕਿਸੇ ਸ਼ਹੀਦ ਨਾਲ ਜੁੜਿਆ ਹੋਇਆ ਹੈ। ਪੰਜਾਬੀ ਹਮੇਸ਼ਾ ਦੂਜਿਆਂ ਲਈ ਆਪਣੀਆਂ ਹਿੱਕਾਂ ਡਾਹੀਆਂ ਹਨ। ਪੰਜਾਬੀਆਂ ਦੇ ਖੂਨ ਵਿੱਚ ਹੱਕਾਂ ਖਾਤਿਰ ਲੜਨ ਦੀ ਬਿਰਤੀ ਹੈ ।

ਮਾਨ ਨੇ ਕਿਹਾ ਹੈ ਕਿ ਅੱਜ ਰਾਮਗੜੀਆ ਬਰਾਦਰੀ ਦੀਆਂ ਫੈਕਟਰੀਆਂ ਵਿੱਚ ਕੰਮ ਹੋ ਰਿਹਾ ਹੈ ਤੇ ਬਹੁਤ ਤਰੱਕੀ ਕੀਤੀ ਹੈ।ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਵੀ ਬਹੁਤ ਤਰੱਕੀ ਕੀਤੀ ਹੈ । ਪੰਜਾਬ ਵਿੱਚ ਬਹੁਤ ਤਰੱਕੀ ਹੋ ਰਹੀ ਹੈ। ਨੌਜਵਾਨਾਂ ਨੂੰ ਬਿਨਾਂ ਸਿਫਾਰਿਸ਼ ਤੋਂ ਨੌਕਰੀਆਂ ਮਿਲ ਰਹੀਆਂ ਹਨ।

ਮਾਨ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਮੈਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ ਤੇ ਹੁਣ 12-12 ਘੰਟੇ ਕੰਮ ਕਰਦਾ ਹਾਂ।ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਵਾਅਦਾ ਕੀਤਾ ਕਿ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਵਾਲਾ ਪੰਜਾਬ ਬਣਾਇਆ ਜਾਵੇਗਾ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਵਿੱਚ ਉਹਨਾਂ ਸਹੁੰ ਚੁੱਕੀ ਸੀ ਤੇ ਫੋਟੋ ਵੀ ਡਾ.ਅੰਬੇਦਕਰ ਤੇ ਭਗਤ ਸਿੰਘ ਦੀ ਫੋਟੋ ਲਾਈ ਨਾ ਕਿ ਮੁੱਖ ਮੰਤਰੀ ਦੀ। ਹੁਣ ਰੋਜ ਲੋਕਾਂ ਲਈ ਨਵਾਂ ਫੈਸਲਾ ਲਿਆ ਜਾਂਦਾ ਹੈ ਪਰ ਪਿਛਲੀਆਂ ਸਰਕਾਰਾਂ ਨੇ ਸਿਰਫ਼ ਸਮਾਂ ਤੇ ਪੈਸਾ ਹੀ ਬਰਬਾਦ ਕੀਤਾ ਹੈ। ਉਹਨਾਂ ਪੰਜਾਬ ਦੇ ਲੋਕਾ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਹੈ ।