India Punjab

ਕੇਂਦਰੀ ਮੰਤਰੀ ਦੇ ਇਲਜ਼ਾਮਾਂ ਦਾ ਆਪ ਵੱਲੋਂ ਜੁਆਬ, ਕੰਗ ਬੋਲੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨ ਅਨੁਰਾਗ ਠਾਕੁਰ

ਚੰਡੀਗੜ੍ਹ : ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਪੰਜਾਬ ਸਰਕਾਰ ਦੇ ਵਿਰੋਧ ‘ਚ ਦਿੱਤੇ ਗਏ ਬਿਆਨ ‘ਤੇ ਪਲਟਵਾਰ ਕੀਤਾ ਹੈ ਕਿ ਪੰਜਾਬ ਦੀ ਆਪ ਸਰਕਾਰ ਦੇ ਜਿਸ ਵੀ ਮੰਤਰੀ ‘ਤੇ ਸਵਾਲ ਖੜੇ ਹੋਏ ਹਨ,ਉਸ ‘ਤੇ ਕਾਰਵਾਈ ਹੋਈ ਹੈ ਤੇ ਬਰਖ਼ਾਸਤ ਕੀਤਾ ਗਿਆ ਹੈ।

ਕੰਗ ਨੇ ਕੇਂਦਰੀ ਮੰਤਰੀ ਅੱਗੇ ਸਵਾਲ ਰੱਖੇ ਹਨ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਗੱਡੀ ਥੱਲੇ ਦੇ ਕੇ ਮਾਰਨ ਵਾਲੇ ਅਸ਼ੀਸ਼ ਮਿਸ਼ਰਾ ਟੈਨੀ ਦੇ ਪਿਤਾ ਅਜੈ ਮਿਸ਼ਰਾ ਟੈਨੀ ਨੂੰ ਕਿਉਂ ਆਪਣੇ ਮੰਤਰੀ ਮੰਡਲ ਵਿੱਚ ਰੱਖਿਆ ਹੋਇਆ ਹੈ ? ਕੁਲਦੀਪ ਸੈਂਗਰ ਵਰਗੇ ਬਲਾਤਕਾਰੀ ਤੇ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਸਨਮਾਨਿਤ ਕਰਨਾ ਤੇ ਦਿੱਲੀ ਦੇ ਜੰਤਰ-ਮੰਤਰ ਵਿੱਚ ਧਰਨਾ ਦੇ ਰਹੀਆਂ ਬੇਟੀਆਂ ਵੱਲੋਂ ਲਾਏ  ਦੋਸ਼ਾਂ ‘ਤੇ ਕਾਰਵਾਈ ਨਾ ਕਰਨਾ, ਇਸ ਬਾਰੇ ਵੀ ਕੇਂਦਰੀ ਮੰਤਰੀ ਸਪਸ਼ੱਟੀਕਰਨ ਦੇਣ।

ਕੰਗ ਨੇ ਭਾਜਪਾ ਦੇ ਲੀਡਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਫੁੱਟ ਪਾਉਣ ਵਾਲੀਆਂ ਨੀਤੀਆਂ ਇਥੇ ਪੰਜਾਬ ਵਿੱਚ ਨਹੀਂ ਚੱਲਣਗੀਆਂ।ਇਹ ਉਹੀ ਪਾਰਟੀ ਹੈ ,ਜਿਸ ਕਾਰਨ ਕਿਸਾਨਾਂ ਨੂੰ ਡੇਢ ਸਾਲ ਸੜਕਾਂ ‘ਤੇ ਬੈਠਣਾ ਪਿਆ ਸੀ ਤੇ ਕਿੰਨੇ ਹੀ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ।ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ ਦਿੰਦੇ ਹੋਏ ਕੰਗ ਨੇ ਕਿਹਾ ਹੈ ਕਿ ਹਰ ਗੁੰਡਾ,ਭ੍ਰਿਸ਼ਟਾਚਾਰੀ ਭਾਜਪਾ ਚ ਆ ਕੇ ਦੁੱਧ ਧੋਤਾ ਬਣ ਜਾਂਦਾ ਹੈ ਤੇ ਜੋ ਭਾਜਪਾ ਨੇਤਾਵਾਂ ਦੀ ਨਹੀਂ ਮੰਨਦਾ,ਉਸ ਨੂੰ ਈਡੀ,ਸੀਬੀਆਈ ਰਾਹੀਂ ਧਮਕਾਇਆ-ਡਰਾਇਆ ਜਾਂਦਾ ਹੈ।

ਉਹਨਾਂ ਕਾਂਗਰਸ ‘ਤੇ ਵੀ ਨਿਸ਼ਾਨਾ ਲਾਇਆ ਕਿ ਇਸ ਪਾਰਟੀ ਦੇ ਲੀਡਰਾਂ ਕੋਲੋਂ ਵੀ ਨੋਟ ਗਿਣਨ ਵਾਲੀਆਂ ਮਸ਼ੀਨਾਂ ਫੜ ਹੋਈਆਂ ਹਨ ਤੇ ਉਹਨਾਂ ‘ਤੇ ਵੀ ਕਾਰਵਾਈ ਜਾਰੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨੇ ਇਹਨਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਸੀ।

ਕੰਗ ਨੇ ਦਾਅਵਾ ਕੀਤਾ ਕਿ ਆਪ ਨੇ ਪੰਜਾਬ ਵਿੱਚ ਸੱਤਾ ਸੰਭਾਲਦੇ ਹੀ ਭ੍ਰਿਸ਼ਟਾਚਾਰ ‘ਤੇ ਰੋਕ ਲਾਈ ਤੇ ਹੁਣ ਤੱਕ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਸਿਫਾਰਸ਼ ਨੌਕਰੀਆਂ ਦਿੱਤੀਆਂ ਹਨ ਤੇ ਆਪ ਵੱਲੋਂ ਕੀਤੇ ਹੋਰ ਵੀ ਕਈ ਕੰਮ ਕੰਗ ਨੇ ਗਿਣਾਏ ਹਨ ਤੇ ਜਲੰਧਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪ ਨੂੰ ਹੀ ਵੋਟ ਦੇਣ ।