India

ਤਿਹਾੜ ਜੇਲ੍ਹ ‘ਚ ਕਰ ਦਿੱਤਾ ਇਹ ਕਾਂਡ, ਜਾਂਚ ਵਿੱਚ ਜੁਟੀ ਦਿੱਲੀ ਪੁਲਿਸ…

Gangster Tillu Tajpuria Murder, tihar jail, Delhi's Rohini court

ਨਵੀਂ ਦਿੱਲੀ : ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਗੋਲੀਬਾਰੀ ਮਾਮਲੇ ਦਾ ਦੋਸ਼ੀ ਗੈਂਗਸਟਰ ਟਿੱਲੂ ਤਾਜਪੁਰੀਆ ਮਾਰਿਆ ਗਿਆ ਹੈ। ਜੇਲ ਅਧਿਕਾਰੀਆਂ ਨੇ ਦੱਸਿਆ ਕਿ ਜੇਲ ‘ਚ ਬੰਦ ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਮੰਗਲਵਾਰ ਨੂੰ ਤਿਹਾੜ ਦੀ ਮੰਡੋਲੀ ਜੇਲ ‘ਚ ਵਿਰੋਧੀ ਗੈਂਗ ਦੇ ਮੈਂਬਰਾਂ ਨੇ ਹਮਲਾ ਕਰਨ ਤੋਂ ਬਾਅਦ ਮਾਰ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਜੇਲ ਦੇ ਅੰਦਰ ਦੋ ਗੁੱਟਾਂ ਵਿਚਾਲੇ ਝੜਪ ਹੋਈ। ਇਸ ਦੌਰਾਨ ਗੈਂਗਸਟਰ ਟਿੱਲੂ ‘ਤੇ ਵੀ ਜਾਨਲੇਵਾ ਹਮਲਾ ਹੋਇਆ। ਬਾਅਦ ਵਿੱਚ ਤਿਹਾੜ ਜੇਲ੍ਹ ਗੈਂਗਵਾਰ ਪ੍ਰਸ਼ਾਸਨ ਵੱਲੋਂ ਜ਼ਖ਼ਮੀ ਗੈਂਗਸਟਰ ਟਿੱਲੂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬਾਅਦ ‘ਚ ਉਸ ਦੀ ਮੌਤ ਹੋ ਗਈ।

ਮੀਡੀਆ ਰਿਪੋਰਟ ਮੁਤਾਬਕ ਜੇਲ ਸੂਤਰਾਂ ਨੇ ਦੱਸਿਆ ਹੈ ਕਿ ਜੇਲ ਨੰਬਰ 8 ‘ਚ ਬੰਦ ਯੋਗੇਸ਼ ਟੁੰਡਾ ਨਾਂ ਦੇ ਕੈਦੀ ਨੇ ਜੇਲ ਨੰਬਰ 9 ‘ਚ ਬੰਦ ਟਿੱਲੂ ‘ਤੇ ਅਚਾਨਕ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਇਸ ਹਮਲੇ ‘ਚ ਟਿੱਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਡੀਡੀਯੂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ,  ਜਿੱਥੇ ਅੱਜ ਸਵੇਰੇ 6.30 ਵਜੇ ਉਸ ਦੀ ਮੌਤ ਹੋ ਗਈ।

ਰੋਹਿਣੀ ਕੋਰਟ ਗੋਲੀਕਾਂਡ ‘ਚ ਆਇਆ ਸੀ ਨਾਂ

ਟਿੱਲੂ ਤਾਜਪੁਰੀਆ ਬਦਨਾਮ ਬਦਮਾਸ਼ ਨਵੀਨ ਬਾਲੀ, ਕੌਸ਼ਲ ਅਤੇ ਗੈਂਗਸਟਰ ਨੀਰਜ ਬਵਾਨੀਆ ਦੇ ਨਾਲ ਤਿਹਾੜ ਜੇਲ੍ਹ ਤੋਂ ਗੈਂਗ ਨੂੰ ਚਲਾਉਂਦਾ ਸੀ। ਉਸ ਦਾ ਨਾਂ ਰੋਹਿਣੀ ਕੋਰਟ ਗੋਲੀਕਾਂਡ ‘ਚ ਆਇਆ ਸੀ। ਸਤੰਬਰ 2021 ਵਿੱਚ ਰੋਹਿਣੀ ਅਦਾਲਤ ਵਿੱਚ ਵਕੀਲਾਂ ਦੇ ਭੇਸ਼ ਵਿੱਚ ਆਏ ਦੋ ਹਮਲਾਵਰ ਨੇ ਜੱਜ ਦੇ ਸਾਹਮਣੇ ਗੈਂਗਸਟਰ ਜਤਿੰਦਰ ਗੋਗੀ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਗੋਗੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਵੇਂ ਸ਼ੂਟਰ ਵੀ ਮਾਰੇ ਗਏ। ਟਿੱਲੂ ਤਾਜਪੁਰੀਆ ਉਦੋਂ ਮੰਡੋਲੀ ਜੇਲ ਵਿਚ ਬੰਦ ਸੀ ਅਤੇ ਉਸ ਦੀ ਗੋਗੀ ਗੈਂਗ ਨਾਲ ਦੁਸ਼ਮਣੀ ਸੀ ਅਤੇ ਉਸ ਦਾ ਨਾਂ ਇਸ ਗੋਲੀਬਾਰੀ ਨਾਲ ਜੁੜਿਆ ਹੋਇਆ ਸੀ।