Punjab

ਮੋਰਿੰਡਾ ਬੇਅਦਬੀ ਮਾਮਲੇ ਦੇ ਮੁਲਜ਼ਮ ਜਸਵੀਰ ਦੀ ਮੌਤ ! ਇਹ ਵਜ੍ਹਾ ਆਈ ਸਾਹਮਣੇ

ਬਿਊਰੋ ਰਿਪੋਰਟ : ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਜਸਵੀਰ ਸਿੰਘ ਦੀ ਮੌਤ ਹੋ ਗਈ ਹੈ । ਜਸਵੀਰ ਸਿੰਘ ਦੀ ਛਾਤੀ ਵਿੱਚ ਦਰਦ ਸੀ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀ ਜਿਸ ਦੀ ਵਜ੍ਹਾ ਕਰਕੇ ਉਸ ਦੀ ਜਾਨ ਗਈ। ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਨੂੰ ਮਾਨਸਾ ਜੇਲ੍ਹ ਤੋਂ ਹਸਪਤਾਲ ਤਕਰੀਬਨ ਸਵਾ ਚਾਰ ਵਜੇ ਲਿਜਾਇਆ ਗਿਆ ਸੀ, ਚਾਰ ਘੰਟੇ ਉਸ ਨੂੰ ਹਸਪਤਾਲ ਰੱਖਿਆ ਗਿਆ ਪਰ ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮੰਗਲਵਾਰ ਨੂੰ ਜਸਵੀਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ । 25 ਅਪ੍ਰੈਲ ਨੂੰ ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਜਸਵੀਰ ਸਿੰਘ ਨੇ ਜੰਗਲਾ ਟੱਪ ਕੇ ਤਾਬਿਆ ਬੈਠੇ 2 ਗ੍ਰੰਥੀਆਂ ਨੂੰ ਚਪੇੜਾਂ ਮਾਰੀਆਂ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਪੱਗ ਵੀ ਲਾਹ ਦਿੱਤੀ ਸੀ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਦੀ ਕੋਸ਼ਿਸ਼ ਕੀਤੀ ਸੀ ।

ਗੁੱਸੇ ਵਿੱਚ ਲੋਕਾਂ ਨੇ ਜਸਵੀਰ ਨਾਲ ਕੱਟਮਾਰ ਵੀ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਇਸ ਘਟਨਾ ਤੋਂ ਬਾਅਦ ਪੂਰਾ ਮੁਰਿੰਡਾ ਬੰਦ ਰੱਖਿਆ ਗਿਆ ਸੀ । 3 ਦਿਨ ਪਹਿਲਾਂ ਜਦੋਂ ਜਸਵੀਰ ਸਿੰਘ ਨੂੰ ਰੋਪੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਉਸ ‘ਤੇ ਇੱਕ ਵਕੀਲ ਨੇ ਵੀ ਹਮਲਾ ਕੀਤਾ ਸੀ । ਬਾਰ ਕੌਸਲ ਨੇ ਉਸ ਦਾ ਕੇਸ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ । ਜਸਵੀਰ ਸਿੰਘ ਦੇ ਘਰ ‘ਤੇ ਵੀ ਹਮਲਾ ਹੋਇਆ ਸੀ

ਡਾਕਟਰ ਦਾ ਬਿਆਨ

ਮਾਨਸਾ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਸਵੀਰ ਸਿੰਘ ਨੂੰ ਸ਼ਾਮ 4 ਵਜਕੇ 10 ਮਿੰਟ ਤੇ ਦਾਖਲ ਕੀਤਾ ਗਿਆ ਸੀ । ਉਸ ਨੂੰ ਸਾਹ ਲੈਣ ਵਿੱਚ ਤਕਲੀਫ ਆ ਰਹੀ ਸੀ ਅਤੇ ਛਾਤੀ ਵਿੱਚ ਵੀ ਦਰਦ ਸੀ । ਡਾਕਟਰ ਮੁਤਾਬਿਕ ਰਾਤ 8 ਵਜੇ ਜਸਵੀਰ ਸਿੰਘ ਦੀ ਹਾਲਤ ਨਾਜ਼ੁਕ ਹੋਈ ਪਰ ਸਾਡੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਸ ਦੀ ਰਾਤ 9 ਵਜ ਕੇ 10 ਮਿੰਟ ‘ਤੇ ਮੌਤ ਹੋ ਗਈ ।

SSP ਨਾਨਕ ਸਿੰਘ ਦਾ ਬਿਆਨ

ਮਾਨਸਾ ਦੇ SSP ਨੇ ਦੱਸਿਆ ਕਿ ਜਸਵੀਰ ਸਿੰਘ ਦੀ ਮੌਤ ਸਿਵਲ ਹਸਪਤਾਲ ਵਿੱਚ ਹੋਈ ਹੈ,ਸਵੇਰੇ ਪੋਸਟਮਾਰਟਮ ਹੋਵੇਗਾ,ਉਨ੍ਹਾਂ ਕਿਹਾ ਇਸ ਵਿੱਚ ਕੋਈ ਸਾਜਿਸ਼ ਨਹੀਂ ਹੈ,ਬੋਰਡ ਆਫ ਡਾਕਟਰਸ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ । ਐੱਸਐੱਸਪੀ ਨੇ ਕਿਹਾ ਕਿ ਜੇਲ੍ਹ ਵਿੱਚ ਮੁਲਜ਼ਮ ‘ਤੇ ਕੋਈ ਵੀ ਅਜਿਹਾ ਹਮਲਾ ਨਹੀਂ ਹੋਇਆ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਹੋਵੇ। ਉਨ੍ਹਾਂ ਕਿਹਾ ਮੁਲਜ਼ਮ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਗਿਆ ਸੀ,ਹਸਪਤਾਲ ਦੇ ਡਾਕਟਰ ਨੇ ਜਿਵੇਂ ਹੀ ਸਿਵਲ ਹਸਪਤਾਲ ਲਿਜਾਉਣ ਲਈ ਕਿਹਾ ਜੇਲ੍ਹ ਪ੍ਰਸ਼ਾਸਨ ਹਰਕਤ ਵਿੱਚ ਆਇਆ । ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਰਿਮਾਂਡ ਦੌਰਾਨ ਕੀ ਜਾਣਕਾਰੀ ਸਾਹਮਣੇ ਆਈ ਤਾਂ ਉਨ੍ਹਾਂ ਕਿਹਾ ਇਹ ਰੋਪੜ ਪੁਲਿਸ ਦਾ ਮਾਮਲਾ ਹੈ ਉਹ ਹੀ ਦੱਸ ਸਕਦੇ ਹਨ । ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਜਸਵੀਰ ਸਿੰਘ ਦੇ ਪਰਿਵਾਰ ਨੂੰ ਮੌਤ ਦੀ ਇਤਲਾਹ ਕਰ ਦਿੱਤੀ ਗਈ ਹੈ ।

ਟਹਿਲ ਸੇਵਾ ਜਥੇਬੰਦੀ ਦਾ ਐਲਾਨ

ਟਹਿਲ ਸੇਵਾ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਮੁਲਜ਼ਮ ਜਸਵੀਰ ਸਿੰਘ ਦਾ ਮੁਰਿੰਡੇ ਵਿੱਚ ਕਿਸੇ ਵੀ ਥਾਂ ‘ਤੇ ਸਸਕਾਰ ਨਾ ਕੀਤਾ ਜਾਵੇ ਅਤੇ ਕਿਸੇ ਵੀ ਗੁਰਦੁਆਰੇ ਵਿੱਚ ਕੋਈ ਵੀ ਗ੍ਰੰਥੀ ਸਿੰਘ ਉਸਦੀ ਨਾ ਅਰਦਾਸ ਕਰੇ ਅਤੇ ਨਾ ਹੀ ਭੋਗ ਪਾਇਆ ਜਾਵੇ।

SGPC ਦਾ ਬਿਆਨ

SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਪਾਪੀ ਬੰਦੇ ਦਾ ਅੰਤ ਇਸੇ ਤਰ੍ਹਾਂ ਹੁੰਦਾ ਹੈ ਪਰ ਜਸਵੀਰ ਜੱਸੀ ਦੀ ਮੌਤ ਕਈ ਸਵਾਲ ਵੀ ਖੜੇ ਕਰਦੀ ਹੈ । ਉਨ੍ਹਾਂ ਕਿਹਾ ਬੇਅਦਬੀ ਤੋਂ ਬਾਅਦ ਪੁਲਿਸ ਜਸਵੀਰ ਦਾ ਕੋਈ ਕੁਨੈਕਸ਼ਨ ਨਹੀਂ ਜੋੜ ਸਕੀ ਸੀ । ਐੱਸਜੀਪੀਸੀ ਦੇ ਜਨਰਲ ਸਕੱਤਰ ਨੇ ਕਿਹਾ ਜਸਵੀਰ ਸਿੰਘ ਵਾਂਗ ਕੇਸਗੜ੍ਹ ਸਾਹਿਬ ਅਤੇ ਹੋਰ ਥਾਵਾਂ ਤੋਂ ਵੀ ਬੇਅਦਬੀ ਦੇ ਮੁਲਜ਼ਮ ਫੜੇ ਗਏ ਸਨ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਨਾਲ ਕੀ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ । ਉਨ੍ਹਾਂ ਕਿਹਾ ਕਿ ਪੁਲਿਸ ਨੇ ਜਸਵੀਰ ਦਾ 2 ਦਿਨ ਦਾ ਰਿਮਾਂਡ ਲਿਆ ਸੀ ਪਰ ਉਹ ਕੱਢ ਹੀ ਨਹੀਂ ਸਕੇ ਕਿ ਇਸ ਦੇ ਪਿੱਛੇ ਕਿਸ ਦਾ ਦਿਮਾਗ ਸੀ । ਗਰੇਵਾਲ ਨੇ ਕਿਹਾ ਜਸਵੀਰ ਦੀ ਮੌਤ ਸ਼ੱਕ ਦੇ ਘੇਰੇ ਵਿੱਚ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਬੀਜੇਪੀ ਨੇ ਵੀ ਜਾਂਚ ਦੀ ਮੰਗ ਕੀਤੀ

ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਜਸਵੀਰ ਸਿੰਘ ਮਾਨਸਿਕ ਤੌਰ ‘ਤੇ ਬਿਮਾਰ ਨਹੀਂ ਸੀ । ਬੇਅਦਬੀ ਕਰਨ ਦੇ ਲਈ ਉਸ ਨੂੰ ਕਿਸ ਨੇ ਕਿਹਾ, ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਪੁਲਿਸ ਨੂੰ ਲੱਭਣਾ ਸੀ । ਹੋ ਸਕਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਇਸ ਦਾ ਡਰ ਹੋਏ ਅਤੇ ਉਨ੍ਹਾਂ ਨੇ ਜਸਵੀਰ ਦੇ ਨਾਲ ਕੁਝ ਅਜਿਹੀ ਹਰਕਤ ਕੀਤੀ ਹੋਵੇ, ਕੁਝ ਵੀ ਹੋ ਸਕਦਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਜੇਕਰ ਕੋਈ ਬਿਮਾਰੀ ਸੀ ਤਾਂ ਪਹਿਲਾਂ ਸਾਹਮਣੇ ਆ ਜਾਂਦਾ ਇਸ ਤਰ੍ਹਾਂ ਸਾਹ ਕਿਵੇਂ ਸਾਹ ਬੰਦ ਹੋ ਸਕਦੇ ਹਨ।