Punjab

ਸੁਖਪਾਲ ਖਹਿਰਾ ਨੇ ਕੀਤੇ ਵੱਡੇ ਦਾਅਵੇ, ਰਾਜਪਾਲ ਅੱਗੇ ਰੱਖੇ ਸਾਰੇ ਸਬੂਤ!

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਪ ਸਰਕਾਰ ਦੇ ਇੱਕ ਮੰਤਰੀ ‘ਤੇ ਵੱਡਾ ਇਲਜ਼ਾਮ ਲਾਇਆ ਹੈ ਤੇ ਇਸ ਸੰਬੰਧ ਵਿੱਚ ਅੱਜ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰ ਕੇ ਜਾਂਚ ਦੀ ਮੰਗ ਵੀ ਕੀਤੀ ਹੈ।

ਇਸ ਮੁਲਾਕਾਤ ਪਿਛੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੀ ਆਪ ਸਰਕਾਰ ਦੇ ਇੱਕ ਮੰਤਰੀ ਦੀ ਇਤਰਾਜ਼ ਯੋਗ ਵੀਡੀਓ ਉਹਨਾਂ ਦੇ ਸਾਹਮਣੇ ਆਈਆਂ ਹਨ।ਖਹਿਰਾ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਇਸ ਤਰਾਂ ਦੀ ਵੀਡੀਓ ਜੇਕਰ ਸੋਸ਼ਲ ਮੀਡੀਆ ‘ਤੇ ਵਾਈਰਲ ਹੁੰਦਾ ਹੈ ਤਾਂ ਇਸ ਦੇ ਕਾਫੀ ਗਲਤ ਅਸਰ ਪੈਣ ਦੀ ਸੰਭਾਵਨਾ ਹੈ।

ਇਸ ਲਈ ਉਹਨਾਂ ਇਹ ਵੀਡੀਓ ਕਲੀਪ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਕੇ ਇਸ ਦੀ ਫੌਰੈਂਸਿਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ਤੇ ਇਸ ਸੰਬੰਧੀ ਲਿਖਤੀ ਸ਼ਿਕਾਇਤ ਵੀ ਰਾਜਪਾਲ ਨੂੰ ਦਿੱਤੀ ਹੈ ਤੇ ਜਾਂਚ ਚੰਡੀਗੜ੍ਹ ਪੁਲਿਸ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ।

ਖਹਿਰਾ ਨੇ ਸਪੱਸ਼ਟ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਭਰੋਸੇ ਦੇ ਲਾਇਕ ਨਹੀਂ ਹੈ ਤੇ ਸ਼ੱਕ ਹੈ ਕਿ ਜੇਕਰ ਇਹ ਮਾਮਲਾ ਉਹਨਾਂ ਕੋਲ ਜਾਂਦਾ ਤਾਂ ਇਸ ਕੇਸ ਨੂੰ ਰਫਾ-ਦਫਾ ਕਰ ਦਿੱਤਾ ਜਾਣਾ ਸੀ,ਇਸ ਲਈ ਉਹ ਰਾਜਪਾਲ ਕੋਲ ਆਏ ਹਨ।

ਪੰਜਾਬ ਸਰਕਾਰ ‘ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਇੱਕ ਸਾਲ ਦ ਕਾਰਜਕਾਲ ਦੇ ਦੌਰਾਨ ਉਹਨਾਂ ਵਿਰੋਧੀ ਧਿਰਾਂ ‘ਤੇ ਹੀ ਕੇਸ ਦਰਜ ਕੀਤੇ ਹਨ ਜਦੋਂ ਕਿ ਉਹਨਾਂ ਦੇ ਆਪਣੇ ਦਾਗੀ ਮੰਤਰੀਆਂ ‘ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।ਸੋ ਰਾਜਪਾਲ ਨੂੰ ਮਿਲ ਕੇ ਇਹ ਅਪੀਲ ਕੀਤੀ ਗਈ ਹੈ ਕਿ ਇਸ ਸੰਬੰਧ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ। ਹਾਲਾਂਕਿ ਆਪਣੇ ਸੰਬੋਧਨ ਵਿੱਚ ਖਹਿਰਾ ਨੇ ਇਸ ਮਾਮਲੇ ਨੂੰ ਸੰਵੇਦਨਸ਼ੀਲ ਦੱਸਦਿਆਂ ਆਪ ਦੇ ਉਸ ਮੰਤਰੀ ਦਾ ਨਾਂ ਜ਼ਾਹਿਰ ਨਹੀਂ ਕੀਤਾ ਹੈ ।

ਇਸ ਤੋਂ ਇਲਾਵਾ ਖਹਿਰਾ ਨੇ ਪੰਜਾਬ ਸਰਕਾਰ ਦੇ ਇੱਕ ਹੋਰ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਨਾਂ ਵੀ ਲਿਆ ਹੈ ਤੇ ਕਿਹਾ ਹੈ ਕਿ ਇਸ ਮੰਤਰੀ ਵਲੋਂ ਕੀਤੀਆਂ ਗਈਆਂ ਗਲਤ ਨਿਯੁਕਤੀਆਂ ਦੇ ਮਸਲੇ ‘ਤੇ ਵੀ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਸੀ ਪਰ ਹਾਲੇ ਤੱਕ ਇਸ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ।ਇਸ ਲਈ ਅੱਜ ਇਹ ਮਸਲਾ ਵੀ ਉਹਨਾਂ ਰਾਜਪਾਲ ਕੋਲ ਉਠਾਇਆ ਹੈ। ਉਹਨਾਂ ਮੰਤਰੀ ਕਟਾਰੂਚਕ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਕੀਤੀਆਂ ਨਿਯੁਕਤੀਆਂ ਸੰਬੰਧੀ ਸਬੂਤ ਵੀ ਪੱਤਰਕਾਰਾਂ ਦੇ ਸਾਹਮਣੇ ਰਖੇ। ਖਹਿਰਾ ਨੇ ਕਿਹਾ ਹੈ ਕਿ ਇਸ ਮੰਤਰੀ ਨੇ ਪਹਿਲਾਂ  ਆਪਣੇ ਪੁੱਤਰ ਨੂੰ ਸਰਕਾਰੀ ਨੌਕਰੀ ਵਿੱਚ ਨਿਯੁਕਤ ਕਰਵਾ ਦਿੱਤਾ ਪਰ ਬਾਅਦ ਵਿੱਚ ਰੌਲਾ ਪੈਣ ਦੇ ਡਰੋਂ ਆਪਣੇ ਪੁੱਤਰ ਨੂੰ ਨੌਕਰੀ ਤੋਂ ਹਟਾ ਦਿੱਤਾ।

ਆਪਣੇ ਲਈ ਮੰਤਰੀ ਕਟਾਰੂਚਕ ਵੱਲੋਂ ਵਰਤੀ ਗਲਤ ਸ਼ਬਦਾਵਲੀ ਦਾ ਵੀ ਖਹਿਰਾ ਨੇ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਆਪਣੇ ‘ਤੇ ਦਰਜ ਹੋਏ ਕੇਸ ਨੂੰ ਬੇਲੋੜਾ ਤੇ ਝੂਠਾ  ਦੱਸਦਿਆਂ ਇਸ ਪਿੱਛੇ ਪੰਜਾਬ ਸਰਕਾਰ ਦਾ ਹੱਥ ਦੱਸਿਆ ਹੈ।ਇਸ ਸੰਬੰਧ ਵਿੱਚ ਖਹਿਰਾ ਨੇ  ਇੱਕ ਟਵੀਟ ਵੀ ਕੀਤਾ ਹੈ ਤੇ ਲਿਖਿਆ ਹੈ ਕਿ ਉਹਨਾਂ ਕੋਲ ਪੱਕੀ ਜਾਣਕਾਰੀ ਹੈ ਕਿ ਆਪ ਦੇ ਮੀਡੀਆ ਪ੍ਰਬੰਧਕ ਟੀਵੀ ਚੈਨਲਾਂ ਨੂੰ ‘ਆਪ’ ਮੰਤਰੀ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਨਾ ਲਗਾਉਣ ਲਈ ਕਹਿ ਰਹੇ ਹਨ। ਖਹਿਰਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਕੀ ਇਹ ਬਦਲਾਵ ਦਾ ਫਾਰਮੂਲਾ ਹੈ ? ਮੀਡੀਆ ਨੂੰ ਸੱਚ ਨੂੰ ਪ੍ਰਸਾਰਿਤ ਕਰਨ ਤੋਂ ਹਾਈਜੈਕ ਅਤੇ ਡਰਾਉਇਆ ਜਾ ਰਿਹਾ ਹੈ।