ਬਿਊਰੋ ਰਿਪੋਰਟ : ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਅਤੇ ਪਾਠੀ ਸਿੰਘਾਂ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮ ਦਾ ਨਾਂ ਜਸਬੀਰ ਸਿੰਘ ਉਰਫ ਜੱਸੀ ਦੱਸਿਆ ਜਾ ਰਿਹਾ ਹੈ। ਉਸ ਦੇ ਖਿਲਾਫ ਪੰਜਾਬ ਪੁਲਿਸ ਨੇ 4 ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਸਭ ਤੋਂ ਪਹਿਲੀ ਧਾਰਾ 295 A ਲਗਾਈ ਗਈ ਹੈ,ਇਹ ਧਾਰਾ ਧਾਰਮਿਕ ਗ੍ਰੰਥ ਨੂੰ ਨੁਕਸਾਨ ਪਹੁੰਚਾਉਣ ‘ਤੇ ਲਗਾਈ ਗਈ ਹੈ,ਇਸ ਤੋਂ ਇਲਾਵਾ 307 ਇਰਾਦਾ-ਏ-ਕਤਲ,323 ਕੁੱਟਮਾਰ ਅਤੇ 506 ਅਪਰਾਧਿਕ ਧਮਕੀ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ । ਉਧਰ ਜਸਬੀਰ ਸਿੰਘ ਨਾਂ ਦੇ ਜਿਸ ਸ਼ਖਸ ਨੇ ਇਹ ਹਰਕਤ ਕੀਤੀ ਹੈ ਉਸ ਦੇ ਖਿਲਾਫ ਸੰਗਤਾਂ ਦਾ ਗੁੱਸਾ ਕਾਫੀ ਜ਼ਿਆਦਾ ਹੈ, ਮੁਰਿੰਡਾ ਮੋੜ ‘ਤੇ ਧਰਨਾ ਲਗਾਇਆ ਗਿਆ ਹੈ,ਥਾਣੇ ਦਾ ਘਿਰਾਓ ਕੀਤਾ ਗਿਆ ਸੀ,ਬੇਅਦਬੀ ਦੇ ਰੋਸ ਵੱਜੋਂ ਪੂਰੇ ਇਲਾਕੇ ਵਿੱਚ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ । ਲੋਕਾਂ ਨੇ ਗੁੱਸੇ ਵਿੱਚ ਜਸਬੀਰ ਸਿੰਘ ਦੇ ਘਰ ਵਿੱਚ ਭੰਨ-ਤੋੜ ਕੀਤੀ ਹੈ । ਸੇਵਾਦਾਰ ਪ੍ਰਮਾਤਮਾ ਸਿੰਘ ਨੇ ਦੱਸਿਆ ਕਿ 2 ਸਾਲ ਪਹਿਲਾਂ ਵੀ ਜਸਬੀਰ ਸਿੰਘ ਨੇ ਆਪਣੇ ਟਰੈਕਟਰ ਦੇ ਨਾਲ ਬਾਜ਼ਾਰ ਵਿੱਚ ਖੜੀਆਂ ਸਾਰੀਆਂ ਗੱਡੀਆਂ ਤੋੜ ਦਿੱਤੀਆਂ ਸਨ ਉਸ ਵੇਲੇ ਵੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਸਾਰੇ ਨੁਕਸਾਨ ਦੀ ਵਸੂਲੀ ਕੀਤੀ ਸੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਾਫ ਕਰ ਦਿੱਤਾ ਹੈ ਕਿ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਬੇਅਦਬੀ ਕਰਨ ਵਾਲੇ ਦੇ ਖਿਲਾਫ ਉਨ੍ਹਾਂ ਦੀ ਸਰਕਾਰ ਸਖਤੀ ਵਰਤੇਗੀ ।
ਮੋਰਿੰਡਾ ਬੇਅਦਬੀ ਨੂੰ ਅੰਜਾਮ ਦੇਣ ਵਾਲੇ ਦੀ ਇੱਕ ਹੋਰ ਮਾੜੀ ਹਰਕਤ ਆਈ ਸਾਹਮਣੇ !
ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ‘ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ..ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ…ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ’ ਉਧਰ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਅਤੇ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਧਾਮੀ ਕਾਫ ਸਖਤ ਨਜ਼ਰ ਆ ਰਹੇ ਹਨ ।
ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ..
ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ…ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ…— Bhagwant Mann (@BhagwantMann) April 24, 2023
ਜਥੇਦਾਰ ਅਤੇ SGPC ਪ੍ਰਧਾਨ ਸਖਤ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੋਰਿੰਡਾ ਦੇ ਇਤਿਹਾਸਕ ਗੁਰਦੁਆਰੇ ਦੀ ਘਨਟਾ ਨੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ, ਘਟੀਆ ਕਿਸਮ ਦੇ ਆਦਮੀ ਨੇ ਬੇਅਦਬੀ ਅਤੇ ਪਾਠੀ ਸਿੰਘਾਂ ਨਾਲ ਕੁੱਟਮਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਸ਼ਖਸ ਨੇ ਅਜਿਹੇ ਹਰਕਤ ਕੀਤੀ ਹੈ ਉਸ ਨੂੰ ਸਰਕਾਰ ਅਤੇ ਪ੍ਰਸ਼ਾਸਨ ਸਖਤ ਤੋਂ ਸਖਤ ਸਜ਼ਾ ਦੇਵੇ,ਉਨ੍ਹਾਂ ਨੇ ਫਰੀਦਕੋਟ ਦੀ ਘਟਨਾ ਦਾ ਵੀ ਉਦਾਹਰਣ ਦਿੰਦੇ ਹੋਏ ਪੰਜਾਬ ਪੁਲਿਸ ਦੀ ਤਾਰੀਫ ਕੀਤੀ ਕਿ ਉਨ੍ਹਾਂ ਨੇ 2 ਮੁਲਜ਼ਮਾਂ ਨੂੰ ਫੁਰਤੀ ਦੇ ਨਾਲ ਕਾਬੂ ਕੀਤਾ ਹੈ । ਜਥੇਦਾਰ ਸਾਹਿਬ ਨੇ ਕਿਹਾ ਬੇਅਦਬੀ ਦੀਆਂ ਘਟਨਾਵਾਂ ਦੇ ਜ਼ਰੀਏ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ । ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੋਰਿੰਡਾ ਘਟਨਾ ‘ਤੇ ਕਿਹਾ ‘ਦੋਸ਼ੀਆਂ ਖਿਲਾਫ ਕਰੜੀ ਕਾਰਵਾਈ ਹੋਵੇ, ਪੁਲਿਸ ਦੀ ਢਿੱਲੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਸ਼ਹਿ ਮਿਲਦੀ ਹੈ, ਸਰਕਾਰ ਤੇ ਪੁਲਿਸ ਘਟਨਾ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕਰੇ, ਇਨਸਾਫ ਦੇਵੇ।”
“ ਦਿਲ ਦਹਿਲਾ ਦੇਣ ਵਾਲੀ ਘਟਨਾ’
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਨੂੰ “ ਦਿਲ ਦਹਿਲਾ ਦੇਣ ਵਾਲੀ ਤੇ ਕਦੇ ਵੀ ਨਾ ਮੁਆਫ਼ ਕੀਤੇ ਜਾਣ ਯੋਗ “ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੀ ਡੂੰਘੀ ਸਾਜ਼ਿਸ਼ ਪਿੱਛੇ ਕੰਮ ਕਰ ਰਹੇ ਮਾਸਟਰ ਮਾਈਂਡ ਨੂੰ ਨੰਗਾ ਕਰਕੇ ਮਿਸਾਲੀ ਸਜ਼ਾ ਦਿੱਤੇ ਜਾਣਾ ਜ਼ਰੂਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਸ਼ਰਮਨਾਕ ਕਾਰੇ ਨਾਲ ਸਿੱਖ ਮਨ ਬੁਰੀ ਤਰਾਂ ਵਲ਼ੂੰਧਰੇ ਗਏ ਹਨ। ਅੱਜ ਇਸ ਦਰਦਨਾਕ ਘਟਨਾ ’ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿਲ ਦਹਿਲਾ ਦੇਣ ਵਾਲੇ ਤੇ ਸ਼ਰਮਨਾਕ ਕਾਰੇ ਦਾ ਸੰਬੰਧ ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੇ ਅਮਨ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਵਿਚ ਨਾਕਾਮੀ ਨਾਲ ਬੁਰੀ ਤਰ੍ਹਾਂ ਘਿਰ ਚੁੱਕੀ ਪੰਜਾਬ ਸਰਕਾਰ ਦੀ ਹਤਾਸ਼ਾ ਨਾਲ ਜਾਪਦਾ ਹੈ। ਪਰ ਉਹਨਾਂ ਕਿਹਾ ਇਹ ਸਾਜ਼ਿਸ਼ਾਂ ਪੁਠੀਆਂ ਪੈ ਰਹੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਕ ਪਾਸੇ ਤਾਂ ਦੇਸ਼ ਭਗਤ ਸਿੱਖ ਕੌਮ ਦੇ ਮਾਸੂਮ ਨੌਜਵਾਨ ਹੀਰਿਆਂ ਵਿਰੁੱਧ ਸਰਕਾਰੀ ਤਸ਼ੱਦਦ ਦਾ ਝੱਖੜ ਝੁਲਾਇਆ ਹੋਇਆ ਹੈ ਤੇ ਦੂਜੇ ਪਾਸੇ ਇਹ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਤੇ ਭਾਈਚਾਰਕ ਸਾਂਝ ਉਤੇ ਪਹਿਰਾ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਸਭ ਕੁਝ ਤੋਂ ਧਿਆਨ ਹਟਾਉਣ ਲਈ ਇਹ ਸਰਕਾਰ ਤੇ ਇਸ ਦੇ ਦਿੱਲੀ ਵਿੱਚ ਬੈਠੇ ਸ਼ਾਤਰ ਆਕਾ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
‘ਮੁਲਜ਼ਮ ਨੂੰ ਸਖਤ ਸਜ਼ਾ ਮਿਲੇ’
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਰਿੰਡਾ ਘਟਨਾ ‘ਤੇ ਦੁਖ ਜਤਾਉਂਦੇ ਹੋਏ ਕਿਹਾ ਹੈ ਕਿ ‘ਇਹ ਬਹੁਤ ਹੀ ਮਾੜੀ ਘਟਨਾ ਹੈ,ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਾਂਗਾ ਕਿ ਇਸ ਗੰਭੀਰ ਅਪਰਾਧ ਦੇ ਲਈ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ’। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮਰਿੰਡਾ ਘਟਨਾ ਨੂੰ ਭਾਈਚਾਰਕ ਸਾਂਝ ਤੋੜਨ ਵਾਲੀ ਸਾਜਿਸ਼ ਦੱਸਿਆ ਹੈ । ਉਨ੍ਹਾਂ ਕਿਹਾ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਧਰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ‘ਮੁਰਿੰਡਾ ਗੁਰਦੁਆਰੇ ਵਿੱਚ ਹੋਈ ਬੇਅਦਬੀ ਦੀ ਘਟਨਾ ਹੈਰਾਨ ਕਰਨ ਵਾਲੀ ਹੈ,ਪੁਲਿਸ ਨੇ ਇਹ ਹਰਕਤ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ,ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ,ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਅਜਿਹੇ ਹਰਕਤ ਕਰਨ ਵਾਲੇ ਸ਼ਖਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ’ ।
The beadbi incident at Gurdwara Sri Kotwali Sahib in Morinda is highly condemnable.
I urge Punjab Police to immediately arrest the perpetrator of this heinous crime and award the strictest punishment possible.
— Capt.Amarinder Singh (@capt_amarinder) April 24, 2023
Shocked to hear about sacrilege incident at Gurudwara Sahib in Morinda, Punjab. The person responsible has been caught & is in police custody. It’s my appeal to Sangat to maintain peace & harmony at all costs. I request the Punjab Govt to give exemplary punishment to the accused.
— Partap Singh Bajwa (@Partap_Sbajwa) April 24, 2023