ਬਟਾਲਾ : ਗੁਰਦਾਸਪੁਰ ਦੇ ਬਟਾਲਾ ਇਲਾਕੇ ਦੇ ਵਾਲੀਆ ਇਨਕਲੇਵ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਸਫਾਰੀ ਗੱਡੀ ਵਿੱਚ ਗੋਲੀ ਲੱਗਣ ਨਾਲ ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ (ASI) ਦੀ ਮੌਤ ਹੋ ਗਈ। ਉਸ ਦੀ ਲਾਸ਼ ਕਾਰ ਵਿੱਚੋਂ ਮਿਲੀ। ਇਸ ਦੇ ਨਾਲ ਇੱਕ ਅਸਾਲਟ ਰਾਈਫਲ ਵੀ ਮਿਲੀ ਹੈ। ਮ੍ਰਿਤਕ ਏਐਸਆਈ ਦੀ ਪਛਾਣ ਰੁਪਿੰਦਰ ਸਿੰਘ ਵਾਸੀ ਸ਼ਾਸਤਰੀ ਨਗਰ, ਬਟਾਲਾ ਵਜੋਂ ਹੋਈ ਹੈ। ਏਐਸਆਈ 5 ਆਈਆਰਬੀ ਅੰਮ੍ਰਿਤਸਰ ਵਿਖੇ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ASI ਦੀ ਲਾਸ਼ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਪਈ ਸੀ। ਪੁਲਿਸ ਹਾਲੇ ਜਾਂਚ ਕਰ ਰਹੀ ਹੈ ਕਿ ਏਐਸਆਈ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਕਤਲ ਕੀਤਾ ਹੈ। ਇਸਦੇ ਨਾਲ ਹੀ ਇਹ ਵੀ ਸਪੱਸ਼ਟ ਨਹੀਂ ਹੈ ਕਿ ਰਾਈਫਲ ਏਐਸਆਈ ਦੀ ਹੈ ਜਾਂ ਕਿਸੇ ਹੋਰ ਮੁਲਾਜ਼ਮ ਦੀ ਹੈ।
ਪੁਲਿਸ ਮੁਤਾਬਕ ਏਐਸਆਈ ਰੁਪਿੰਦਰ ਸਿੰਘ ਦੋ ਮਹੀਨਿਆਂ ਤੋਂ ਛੁੱਟੀ ’ਤੇ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਵੀਰਵਾਰ ਨੂੰ ਸੂਚਨਾ ਮਿਲੀ ਸੀ ਕਿ ਏਐਸਆਈ ਰੁਪਿੰਦਰ ਸਿੰਘ ਦੀ ਲਾਸ਼ ਬਟਾਲਾ ਦੇ ਵਾਲੀਆ ਐਨਕਲੇਵ ਵਿੱਚ ਇੱਕ ਸਫਾਰੀ ਗੱਡੀ ਵਿੱਚ ਪਈ ਹੈ।
ਪੁਲਿਸ ਟੀਮ ਨੇ ਮੌਕੇ ‘ਤੇ ਜਾ ਕੇ ਦੇਖਿਆ ਕਿ ਉਸ ਦੇ ਮੂੰਹ ‘ਚੋਂ ਖੂਨ ਵਹਿ ਰਿਹਾ ਸੀ। ਜਦੋਂ ਏਐਸਆਈ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਰੇਲੂ ਹਾਲਤ ਬਿਲਕੁਲ ਠੀਕ ਹੈ। ਹੁਣ ਪੁਲਿਸ ਹੋਰ ਸੰਭਾਵਨਾਵਾਂ ਦੀ ਵੀ ਜਾਂਚ ਕਰ ਰਹੀ ਹੈ।