Punjab

ਦਰਬਾਰ ਸਾਹਿਬ ‘ਚ ਤਿਰੰਗਾ ਵਿਵਾਦ ‘ਤੇ SGPC ਵੱਲੋਂ ਜਾਰੀ 2 ਨਵੀਆਂ ਵੀਡੀਓ ਨੇ ਪੂਰੀ ਪੋਲ ਖੋਲ੍ਹ ਦਿੱਤੀ !

ਬਿਊਰੋ ਰਿਪੋਰਟ : ਇੱਕ ਕੁੜੀ ਵੱਲੋਂ ਤਿਰੰਗਾ ਮੂੰਹ ‘ਤੇ ਲੱਗੇ ਹੋਣ ਦੀ ਵਜ੍ਹਾ ਕਰਕੇ ਦਰਬਾਰ ਸਾਹਿਬ ਅੰਦਰ ਦਾਖਲ ਨਾ ਹੋਣ ਦੇਣ ਦਾ ਜਿਹੜਾ ਸੇਵਾਦਾਰ ‘ਤੇ ਇਲਜ਼ਾਮ ਲਗਾਇਆ ਸੀ ਉਸ ਨੂੰ SGPC ਨੇ 2 ਵੀਡੀਓ ਦੇ ਜ਼ਰੀਏ ਝੂਠਾ ਸਾਬਿਤ ਕੀਤਾ ਹੈ ।ਪਹਿਲੇ ਵੀਡੀਓ ਵਿੱਚ ਵਿਖਾਇਆ ਗਿਆ ਹੈ ਸੇਵਾਦਾਰ ਸਰਬਜੀਤ ਸਿੰਘ ਐਂਟਰੀ ਗੇਟ ‘ਤੇ ਖੜਾ ਸੀ,ਕੁੜੀ ਆਉਂਦੀ ਹੈ ਅਤੇ ਸੇਵਾਦਾਰ ਉਸ ਨੂੰ ਸਕਰਟ ਲਈ ਟੋਕ ਦਾ ਹੈ, ਕੁੜੀ ਉਸੇ ਸਮੇਂ ਹੇਠਾਂ ਵੇਖ ਦੀ ਹੈ, SGPC ਮੁਤਾਬਿਕ ਕੁੜੀ ਨੇ ਸਕਰਟ ਦੇ ਹੇਠਾਂ ਕੈਪਰੀ ਪਾਈ ਸੀ ਉਸ ਨੂੰ ਵੀ ਉੱਤੇ ਕੀਤਾ ਹੋਇਆ ਸੀ। ਸੇਵਾਦਾਰ ਢੱਕਣ ਲਈ ਕਹਿੰਦਾ ਹੈ ਅਤੇ ਫਿਰ ਕੁੜੀ ਅੰਦਰ ਦਾਖਲ ਹੁੰਦੀ ਹੈ ਪਰ ਉਹ ਗੁੱਸੇ ਵਿੱਚ ਦੂਜੇ ਰਸਤੇ ਤੋਂ ਵਾਪਸ ਬਾਹਰ ਚੱਲੀ ਜਾਂਦੀ ਹੈ । ਪਹਿਲੀ ਵੀਡੀਓ ਤੋਂ ਸਾਫ ਹੈ ਕਿ ਸੇਵਾਦਾਰ ਸਰਬਜੀਤ ਸਿੰਘ ਨੇ ਤਿਰੰਗੇ ਨੂੰ ਲੈਕੇ ਸਵਾਲ ਨਹੀਂ ਚੁੱਕੇ ਸਨ ਬਲਕਿ ਦਰਬਾਰ ਸਾਹਿਬ ਅੰਦਰ ਸਕਰਟ ਪਾਉਣ ਲੈਕੇ ਟੋਕਿਆ ਸੀ। SGPC ਵੱਲੋਂ ਜਿਹੜਾ ਦੂਜਾ ਵੀਡੀਓ ਵਿਖਾਇਆ ਗਿਆ ਹੈ ਉਸ ਵਿੱਚ ਕੁੜੀ ਆਪਣੇ ਨਾਲ ਇੱਕ ਸ਼ਖਸ ਨੂੰ ਲੈਕੇ ਆਉਂਦੀ ਹੈ ਜੋ ਸੇਵਾਦਾਰ ਨਾਲ ਬਹਿਸ ਕਰਨ ਲੱਗ ਦਾ ਹੈ। ਦੋਵੇ ਸ਼ਖਸ ਸੇਵਾਦਾਰ ਨਾਲ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹਨ । ਕੁੜੀ ਨੇ ਜਿਹੜਾ ਵੀਡੀਓ ਬਣਾਇਆ ਹੈ ਉਸ ਨੂੰ ਸੋਸ਼ਲ ਮੀਡੀਆ ‘ਤੇ ਪਾਕੇ ਕਮੇਟੀ ਅਤੇ ਸਿੱਖਾਂ ਨੂੰ ਦੇਸ਼ ਦੇ ਕੌਮੀ ਝੰਡੇ ਵਿਰੋਧੀ ਵਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਨੂੰ SGPC ਨੇ 2 ਵੀਡੀਓ ਦੇ ਜ਼ਰੀਏ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ । ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸ਼ਿਕਾਇਤ ਕਰਨ ਵਾਲੀ ਕੁੜੀ ਦੇ ਮੂੰਹ ‘ਤੇ ਤਿਰੰਗਾ ਨਹੀਂ ਸੀ ਜਦਕਿ ਸੋਮਵਾਰ ਨੂੰ ਜਿਹੜਾ ਵੀਡੀਓ ਸਾਹਮਣੇ ਆਇਆ ਸੀ ਉਸ ਵਿੱਚ ਤਿਰੰਗਾ ਨੂੰ ਅਧਾਰ ਬਣਾਕੇ ਹੀ ਸਾਰੇ ਇਲਜ਼ਾਮ ਲਗਾਏ ਗਏ ਸਨ। ਉਧਰ ਸੇਵਾਦਾਰ ਸਰਬਜੀਤ ਸਿੰਘ ਨੇ ਵੀ ਸਾਹਮਣੇ ਆਕੇ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਸਾਰੀਆਂ ਅਫ਼ਵਾਹਾਂ ਤੋਂ ਪਰਦਾ ਚੁੱਕਿਆ ਸੀ।

ਸੇਵਾਦਾਰ ਸਰਬਜੀਤ ਸਿੰਘ ਦਾ ਬਿਆਨ

ਤਿਰੰਗਾ ਵਿਵਾਦ ਤੋਂ ਬਾਅਦ ਸੇਵਾਦਾਰ ਸਰਬਜੀਤ ਸਿੰਘ ਆਪ ਅੱਗੇ ਆਏ ਅਤੇ ਉਨ੍ਹਾਂ ਨੇ ਦੱਸਿਆ ਕਿ ਕੁੜੀ ਨੇ ਸਕਰਟ ਪਾਈ ਹੋਈ ਸੀ, ਮੈਂ ਉਸ ਨੂੰ ਗੁਰੂ ਮਰਿਆਦਾ ਬਾਰੇ ਦੱਸਿਆ ਕਿ ਲੱਤਾਂ ਨੂੰ ਢੱਕ ਕੇ ਗੁਰੂ ਘਰ ਅੰਦਰ ਜਾਣਾ ਚਾਹੀਦਾ ਹੈ,ਪੂਰੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਇਸ ਪੂਰੀ ਚੀਜ਼ ਨੂੰ ਗਲਤ ਰੰਗਤ ਦੇ ਦਿੱਤੀ । SGPC ਦੇ ਤਾਜ਼ਾ ਵੀਡੀਓ ਵਿੱਚ ਇਸ ਦੀ ਤਸਦੀਕ ਵੀ ਹੋ ਰਹੀ ਹੈ, ਸਰਬਜੀਤ ਸਿੰਘ ਨੇ ਕਿਹਾ ਦਰਬਾਰ ਸਾਹਿਬ ਆਉਣ ਦਾ ਸਭ ਨੂੰ ਅਧਿਕਾਰ ਹੈ ਪਰ ਮਰਿਆਦਾ ਸਭ ਤੋਂ ਅਹਿਮ ਹੈ । ਸੇਵਾਦਾਰ ਸਰਬਜੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੇ ਖਿਲਾਫ਼ ਚੱਲ ਰਹੀ ਅਫਵਾਹ ਬਾਰੇ ਵੀ ਸੱਚ ਦੱਸਿਆ। ਸੇਵਾਦਾਰ ਸਰਬਜੀਤ ਸਿੰਘ ਨੇ ਕਿਹਾ ਸੋਸ਼ਲ ਮੀਡੀਆ ‘ਤੇ ਮੇਰੇ ਸਸਪੈਂਡ ਦੀ ਅਫਵਾਹ ਆ ਰਹੀ ਹੈ ਉਹ ਗਲਤ ਹੈ,ਮੈਂ ਹੁਣ ਵੀ ਆਪਣੀ ਡਿਊਟੀ ਉਸੇ ਤਰ੍ਹਾਂ ਕਰ ਰਿਹਾ ਹਾਂ। ਸੋਸ਼ਲ ਮੀਡੀਆ ‘ਤੇ ਕਾਫੀ ਖ਼ਬਰ ਚੱਲ ਰਹੀ ਸੀ ਕਿ SGPC ਸੇਵਾਦਾਰ ਸਰਬਜੀਤ ਸਿੰਘ ਤੋਂ ਨਰਾਜ਼ ਹੈ ਇਸੇ ਲਈ ਐੱਸਜੀਪੀਸੀ ਨੇ ਸਸਪੈਂਡ ਕਰ ਦਿੱਤਾ ਹੈ । ਉਧਰ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੁਖਬੀਰ ਬਾਦਲ ਦਾ ਵੀ ਇਸ ਪੂਰੀ ਘਟਨਾ ‘ਤੇ ਬਿਆਨ ਸਾਹਮਣੇ ਆਇਆ ਹੈ ।

ਸੁਖਬੀਰ ਬਾਦਲ ਨੇ ਦੱਸਿਆ ਸਾਜਿਸ਼

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਤਿਰੰਗਾ ਵਿਵਾਦ ਨੂੰ ਲੈਕੇ ਬਿਆਨ ਸਾਹਮਣੇ ਆਇਆ ਸੀ ਉਨ੍ਹਾਂ ਨੇ ਕਿਹਾ ਸੀ ਅਜਿਹੇ ਵੀਡੀਓ ਜਾਰੀ ਕਰਕੇ ਸਿੱਖਾਂ ਦੇ ਧਾਰਮਿਕ ਥਾਵਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਜਦਕਿ ਸਿੱਖਾਂ ਨੇ ਮੁਲਕ ਲਈ ਸਭ ਤੋਂ ਵੱਧ ਕੁਰਬਾਨੀ ਦਿੱਤੀਆਂ ਹਨ ਅਤੇ ਝੰਡੇ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ।

ਕੌਮੀ ਮੀਡੀਆ ਨੂੰ ਨਸੀਅਤ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਇੱਕ ਵੀਡੀਓ ਦੇ ਜ਼ਰੀਏ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਜਦਕਿ ਗੁਰੂ ਘਰ ਦੇ ਅੰਦਰ ਆਉਣ ਦੀ ਇੱਕ ਮਰਿਆਦਾ ਹੁੰਦੀ ਹੈ, ਵਾਰ-ਵਾਰ ਇਹ ਵਿਖਾਇਆ ਗਿਆ ਹੈ ਕਿ ਸ਼ਾਇਦ ਸਿੱਖ ਦੂਜੇ ਪਾਸੇ ਚੱਲ ਦੇ ਹਨ । ਸ੍ਰੀ ਗੁਰੂ ਰਾਮਦਾਸ ਦੀ ਨਗਰੀ ਵਿੱਚ ਜਿਹੜਾ ਜਾਂਦਾ ਹੈ ਉਹ ਨੀਵਾਂ ਹੋ ਕੇ ਜਾਂਦਾ ਹੈ ,ਜਿਹੜਾ ਉੱਚਾ ਹੋ ਕੇ ਜਾਵੇ ਉਸ ਨੂੰ ਰੱਬ ਆਪ ਵੇਖ ਲੈਂਦਾ ਹੈ । ਕੌਮੀ ਮੀਡੀਆ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਦਕਿ ਦਰਬਾਰ ਸਾਹਿਬ ਦੇ ਚਾਰੋ ਦਰਵਾਜੇ ਖੁੱਲੇ ਹਨ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਹੈ,ਸਰੋਵਰ ਵਿੱਚ ਕੋਈ ਵੀ ਡੁੱਬਕੀ ਲਾ ਸਕਦਾ ਹੈ,ਦਰਬਾਰ ਸਾਹਿਬ ਕੀਰਤਨ ਸੁਣਨ ਲਈ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਹੈ,ਲੰਗਰ ਪ੍ਰਸ਼ਾਦ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ ਹੈ। ਪਰ ਅਸੀਂ ਉਸ ਧਰਤੀ ‘ਤੇ ਵੀ ਸਿਆਸਤ ਕਰਨ ਲੱਗੇ ਹਾਂ,ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ।

ਉਧਰ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਤਿਰੰਗੇ ਦਾ ਸਨਮਾਨ ਸਭ ਤੋਂ ਵੱਧ ਸਿੱਖ ਹੀ ਕਰਦੇ ਹਨ ਅਤੇ ਹੁਣ ਤੱਕ ਸਭ ਤੋਂ ਵੱਧ ਕੁਰਬਾਨੀਆਂ ਵੀ ਸਿੱਖਾਂ ਦੀਆਂ ਹਨ,ਸਿੱਖਾਂ ਦਾ ਅਕਸ ਨਾ ਖਰਾਬ ਕੀਤਾ ਜਾਵੇਂ ।