ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਗੜ੍ਹਸ਼ੰਕਰ ‘ਚ ਅੱਜ ਫਿਰ ਵੱਡਾ ਹਾਦਸਾ ਵਾਪਰ ਗਿਆ। ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਦੇ ਮੌਕੇ ‘ਤੇ ਮੱਥਾ ਟੇਕਣ ਜਾ ਰਹੀ ਸੰਗਤ ਨੂੰ ਬੇਕਾਬੂ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋਣ ਦੀ ਜਾਣਕਾਰੀ ਹੈ। ਜਦਕਿ ਇਸ ਹਾਦਸੇ ‘ਚ 15 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।
ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ ਹੈ। ਸੰਗਤ ਸਵੇਰੇ ਹੀ ਪੈਦਲ ਖੁਰਾਲਗੜ੍ਹ ਨੂੰ ਜਾ ਰਹੀ ਸੀ। ਇਸ ਦੌਰਾਨ ਖੁਰਾਲਗੜ੍ਹ ਵੱਲ ਜਾ ਰਿਹਾ ਇੱਕ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।
ਡੀ.ਐਸ.ਪੀ ਦਲਜੀਤ ਸਿੰਘ ਖੱਖ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਗੜ੍ਹਸ਼ੰਕਰ ਸਬ-ਡਵੀਜ਼ਨ ਦੇ ਚਰਨ ਚੋਹ ਗੰਗਾ ਖੁਰਾਲਗੜ੍ਹ ਸਾਹਿਬ ਜਾ ਰਹੇ ਸਨ।
ਇਸ ਤੋਂ ਪਹਿਲਾਂ ਲੰਘੇ ਕੱਲ੍ਹ ਖੁਰਾਲਗੜ੍ਹ ਗੜ੍ਹਸ਼ੰਕਰ ਰੋਡ ‘ਤੇ ਪਿੰਡ ਮਾਨਸੋਵਾਲ ਦੇ ਕੋਲ ਵਿਸਾਖੀ ਦੇ ਮੌਕੇ ਮੱਥਾ ਟੇਕਣ ਜਾ ਰਹੇ ਲੁਧਿਆਣਾ ਦੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਇੱਕ ਖਾਹੀ ਵਿੱਚ ਡਿੱਗ ਗਈ ਸੀ ਜਿਸ ਕਾਰਨ ਟਰਾਲੀ ਵਿੱਚ ਸਵਾਰ 3 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਪਛਾਣ ਜਸਵੀਰ ਸਿੰਘ,ਹੈਰੀ ਅਤੇ ਬਾਬਾ ਸਦਾ ਸਿੰਘ ਦੇ ਰੂਪ ਵਿੱਚ ਹੋਈ ਸੀ। ਤਿੰਨੋ ਲੁਧਿਆਣਾ ਦੇ ਸਮਰਾਲਾ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਸਨ। ਇਸ ਹਾਦਸੇ ਵਿੱਚ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ।
ਇਹ ਸਾਰੇ ਸ਼ਰਧਾਲੂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਹਨ। ਵਿਸਾਖੀ ਮੌਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਿਵਾਸ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਦੱਸਿਆ ਜਾ ਰਿਹਾ ਸੀ ਕਿ ਸ਼ਰਧਾਲੂਆਂ ਨੇ ਟਰਾਲੀ ਦੇ ਪਿੱਛੇ ਪਾਣੀ ਦਾ ਟੈਂਕਰ ਅਤੇ ਉਸ ਦੇ ਪਿੱਛੇ ਜਨਰੇਟਰ ਬੰਨ੍ਹਿਆ ਹੋਇਆ ਸੀ। ਜਿਵੇਂ ਹੀ ਟਰੈਕਟਰ ਟਰਾਲੀ ਪਹਾੜੀ ਤੋਂ ਹੇਠਾਂ ਉਤਰਨ ਲੱਗੀ ਤਾਂ ਪਿੱਛੇ ਤੋਂ ਪਾਣੀ ਦੇ ਟੈਂਕਰ ਅਤੇ ਜਨਰੇਟਰ ਦਾ ਪ੍ਰੈਸ਼ਰ ਟਰੈਕਟਰ ‘ਤੇ ਆ ਗਿਆ। ਇਸ ਕਾਰਨ ਟਰੈਕਟਰ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਰਸਤਾ ਬਹੁਤ ਖਤਰਨਾਕ ਹੈ। ਕਈ ਵਾਰ ਇਸ ਤਰ੍ਹਾਂ ਹਾਦਸੇ ਵੀ ਵਾਪਰ ਚੁੱਕੇ ਹਨ।