ਬਠਿੰਡਾ : ਬਠਿੰਡਾ ਮਿਲਟਰੀ ਸਟੇਸ਼ਨ ( Bathinda Military Station Firing ) ਵਿਚ 4 ਫੌਜੀਆਂ ਦੇ ਕਤਲ ਤੋਂ ਬਾਅਦ ਇਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰਦਾਤ ਵਿਚ ਇਕ ਹੋਰ ਫੌਜੀ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਅਚਨਚੇਤ ਚੱਲੀ ਜਿਸ ਵਿਚ ਇਕ ਫੌਜੀ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਫੌਜੀ ਦੀ ਦੇਹ ਸਿਵਲ ਹਸਪਤਾਲ ਬਠਿੰਡਾ ਵਿਖੇ ਰਖਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡਿਊਟੀ ਦੌਰਾਨ ਚੱਲੀ ਗੋਲੀ ਵਿੱਚ ਫੌਜੀ ਦੀ ਮੌਤ ਹੋ ਗਈ।
ਦੱਸ ਦਈਏ ਕਿ ਲੰਘੇ ਕੱਲ੍ਹ ਬਠਿੰਡਾ ਮਿਲਟਰੀ ਸਟੇਸ਼ਨ ਸਵੇਰੇ ਲਗਭਗ 4.35 ਵਜੇ ਗੋਲੀਬਾਰੀ ਹੋਈ ਸੀ। ਇਸ ਘਟਨਾ ਵਿਚ 4 ਜਵਾਨਾਂ ਦੀ ਮੌਤ ਹੋ ਗਈ ਸੀ। ਬਠਿੰਡਾ ਦੇ SP (D) ਅਜੇ ਗਾਂਧੀ ਨੇ ਦੱਸਿਆ ਸੀ ਕਿ ਫਾਇਰਿੰਗ ਕਰਨ ਵਾਲੇ 2 ਸ਼ਖਸ਼ ਸਿਵਲ ਕੱਪੜਿਆਂ ਵਿੱਚ ਸਨ ਅਤੇ ਉਨ੍ਹਾਂ ਨੇ ਸੁੱਤੇ ਹੋਏ ਜਵਾਨਾਂ ਨੂੰ ਨਿਸ਼ਾਨਾਂ ਬਣਾਇਆ ਸੀ। ਮੌਕੇ ਤੋਂ ਪੁਲਿਸ ਨੂੰ 19 ਖੋਲ੍ਹ ਵੀ ਬਰਾਮਦ ਹੋਏ ਸਨ ।
ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਸੀ ਕਿ ਦੋ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਚਸ਼ਮਦੀਦ ਜਵਾਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫਾਈਰਿੰਗ ਕਰਨ ਵਾਲੇ 2 ਲੋਕ ਸਨ, ਜਿਨ੍ਹਾਂ ਨੇ ਸਾਦੇ ਕੱਪੜੇ ਪਹਿਨੇ ਹੋਏ ਸਨ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਗਿਆ। ਮਿਲਟਰੀ ਪੁਲਿਸ ਅਤੇ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸੀਸੀਟੀਵੀ ਲੱਗੇ ਹੋਏ ਹਨ ਜਿਨ੍ਹਾਂ ਦੀ ਫੁਟੇਜ ਦੀ ਦੇਖੀ ਕੀਤੀ ਜਾ ਰਹੀ ਹੈ।
ਜਿਨ੍ਹਾਂ ਜਵਾਨਾਂ ਦੀ ਇਸ ਹਮਲੇ ਵਿੱਚ ਮੌਤ ਹੋਈ ਹੈ, ਉਨ੍ਹਾਂ ਦੇ ਨਾਮ ਸਾਗਰ ਬੰਨੀ,ਕਮਲੇਸ਼, ਯੋਗੇਸ਼ ਕੁਮਾਰ ਅਤੇ ਸੰਤੋਸ਼ ਨਾਗਰਜ ਹਨ । ਉਨ੍ਹਾਂ ਦੱਸਿਆ ਕਿ ਆਰਮੀ ਅਫ਼ਸਰਾਂ ਦੇ ਬਿਆਨਾਂ ਦੇ ਆਧਾਰ ‘ਤੇ ਐੱਫ ਆਈ ਆਰ ਦਰਜ ਕਰ ਰਹੇ ਹਾਂ। ਐਸਪੀ ਡੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜੋ ਰਾਈਫਲ ਚੋਰੀ ਹੋਈ ਸੀ ਉਸ ਦੀ ਅਜੇ ਤੱਕ ਜਾਂਚ ਕੀਤੀ ਜਾ ਰਹੀ ਹੈ ।
ਬਠਿੰਡਾ ਛਾਉਣੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ। ਇਸ ਮਿਲਟਰੀ ਸਟੇਸ਼ਨ ਦੀ ਸੀਮਾ ਕਰੀਬ 45 ਕਿਲੋਮੀਟਰ ਹੈ। ਇੱਥੋਂ ਦਾ ਅਸਲਾ ਡਿਪੂ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋਂ ਇੱਕ ਹੈ
ਦੱਸ ਦੇਈਏ ਕਿ ਬਠਿੰਡਾ ਇੱਕ ਮਹੱਤਵਪੂਰਨ ਫੌਜੀ ਸਥਾਪਨਾ ਹੈ ਅਤੇ ਇੱਥੇ 10 ਕੋਰ ਦਾ ਹੈੱਡਕੁਆਰਟਰ ਹੈ, ਜੋ ਜੈਪੁਰ ਸਥਿਤ ਦੱਖਣੀ ਪੱਛਮੀ ਕਮਾਂਡ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਹ ਸਟੇਸ਼ਨ ਵੱਡੀ ਗਿਣਤੀ ਵਿੱਚ ਕਾਰਜਸ਼ੀਲ ਫੌਜੀ ਯੂਨਿਟਾਂ ਅਤੇ ਹੋਰ ਸਥਿਰ ਅਦਾਰਿਆਂ ਦਾ ਘਰ ਵੀ ਹੈ।
ਇਸ ਮਿਲਟਰੀ ਸਟੇਸ਼ਨ ਦੇ ਬਾਹਰ ਕੋਈ ਵੀ ਆਮ ਵਾਹਨ ਪਹੁੰਚ ਸਕਦਾ ਹੈ। ਵੈਸੇ ਤਾਂ ਇਸ ਸਟੇਸ਼ਨ ਦੀ ਸੁਰੱਖਿਆ ਲਈ ਆਮ ਤੌਰ ‘ਤੇ ਜ਼ਬਰਦਸਤ ਪ੍ਰਬੰਧ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਅਫਸਰ ਮੈਸ ਦੇ ਅੰਦਰ ਹੋਈ ਹੈ। ਅਜੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।