ਲੁਧਿਆਣਾ : ਪੰਜਾਬ ਦੀ ਕਾਨੂੰਨ ਅਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਖੌਫ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸੇ ਦੌਰਾਨ ਲੁੱਟ ਖੋਹ ਦੀ ਇੱਕ ਹੋਰ ਵਾਰਦਾਤ ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਕਸਬੇ ਤੋਂ ਆਈ ਹੈ ਜਿੱਥੇ ਦੋ ਅਣਪਛਾਤੇ ਇੱਕ ਡਿਲੀਵਰੀ ਬੁਆਏ ਨਾਲ ਲੁੱਟਖੋਹ ਕਰ ਫਰਾਰ ਹੋ ਗਏ
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਈ-ਕਾਮ ਐਕਸਪ੍ਰੈਸ ਕੰਪਨੀ ਵਿੱਚ ਕੰਮ ਕਰਦੇ ਇੱਕ ਡਿਲੀਵਰੀ ਬੁਆਏ ਉੱਤੇ ਬਾਈਕ ਸਵਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ ਨੌਜਵਾਨ ਤੋਂ 32 ਹਜ਼ਾਰ ਦੀ ਨਕਦੀ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਲੁੱਟ ਅਤੇ ਕੁੱਟਮਾਰ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਲੋਕਾਂ ਨੇ ਦੋਵਾਂ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਏ। ਜ਼ਖ਼ਮੀ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਉਰਫ਼ ਕਾਕਾ ਵਾਸੀ ਪਿੰਡ ਅਮਰਗੜ੍ਹ ਕਲੇਰ ਵਜੋਂ ਹੋਈ ਹੈ। ਇੰਦਰਜੀਤ ਰੋਜ਼ਾਨਾ ਦੀ ਤਰ੍ਹਾਂ ਪਾਰਸਲ ਡਿਲੀਵਰ ਕਰਨ ਲਈ ਬਾਹਰ ਗਿਆ ਹੋਇਆ ਸੀ। ਉਹ ਚੱਕੀਆਂ ਵਾਲਾ ਚੌਕ, ਨਕੋਦਰ ਰੋਡ ਸਿੱਧਵਾਂ ਬੇਟ ਵਿਖੇ ਜਸਮੀਨ ਕੌਰ ਦੇ ਘਰ ਪਾਰਸਲ ਦੇਣ ਲਈ ਸਾਈਕਲ ’ਤੇ ਗਿਆ ਸੀ।
ਇੰਦਰਜੀਤ ਜੈਸਮੀਨ ਦੇ ਘਰ ਦੇ ਬਾਹਰ ਸਾਈਕਲ ਰੱਖ ਦਿੰਦਾ ਹੈ ਅਤੇ ਉਸ ਨੂੰ ਪਾਰਸਲ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਬਾਈਕ ਸਵਾਰ ਦੋ ਲੜਕੇ ਉਸ ਦੇ ਸਾਹਮਣੇ ਤੋਂ ਲੰਘੇ। ਨੌਜਵਾਨਾਂ ਨੇ ਸਿਰਾਂ ‘ਤੇ ਕੱਪੜੇ ਪਾਏ ਹੋਏ ਸਨ। ਕੁਝ ਦੇਰ ਬਾਅਦ ਦੋਵੇਂ ਨੌਜਵਾਨ ਉਸ ਦੇ ਨੇੜੇ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਮੁਲਜ਼ਮਾਂ ਨੇ ਇੰਦਰਜੀਤ ਦੀ ਜੇਬ ਵਿੱਚੋਂ ਨਕਦੀ ਸਮੇਤ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਏਟੀਐਮ ਕਾਰਡ ਅਤੇ ਮੋਬਾਈਲ ਖੋਹ ਲਿਆ। ਪੀੜਤ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਇਲਾਜ ਲਈ ਕਲੀਨਿਕ ਲਿਜਾਇਆ ਗਿਆ। ਮਾਮਲੇ ਦੀ ਸ਼ਿਕਾਇਤ ਥਾਣਾ ਸਿੱਧਵਾਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।