ਲੁਧਿਆਣਾ : ਕਣਕ ਦੇ ਪੱਕਣ ਦੇ ਸਮੇਂ ਖ਼ਰਾਬ ਮੌਸਮ ਕਿਸਾਨਾਂ ਲਈ ਆਫ਼ਤ ਲੈ ਕੇ ਆਇਆ। ਝੱਕੜ ਅਤੇ ਹਨੇਰੀ ਨੇ ਖੇਤਾਂ ਵਿੱਚ ਖੜ੍ਹੀ ਕਣਕ ਵਿਛਾ ਕੇ ਰੱਖ ਦਿੱਤੀ। ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੋਗੀ ਕਿ ਇੱਕ ਕਣਕ ਦੀ ਅਜਿਹੀ ਕਿਸਮ ਵੀ ਹੈ, ਜਿਸਦਾ ਖਰਾਬ ਮੌਸਮ ਵਾਲ ਵੀ ਬਾਂਕਾ ਨਾ ਕਰ ਸਕਿਆ।
ਪਰਾਲੀ ਸਾੜਨ ਨੂੰ ਰੋਕਣ ਲਈ ਪੀਏਯੂ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਸਿਲਸਿਲੇ ਵਿਚ ਵਿਕਸਤ ਅਤੇ ਸਿਫ਼ਾਰਸ਼ ਕੀਤੀ ਗਈ ਕਣਕ ਦੀ ਨਵੀਂ ਸਰਫੇਸ ਸੀਡਿੰਗ ਤਕਨਾਲੋਜੀ ਰਾਜ ਦੇ ਕਿਸਾਨਾਂ ਲਈ ਇੱਕ ਵਰਦਾਨ ਬਣ ਗਈ ਹੈ। ਪੰਜਾਬ ਦੇ ਛੇ ਜ਼ਿਲ੍ਹਿਆਂ ਮੋਗਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਦਾ ਦੌਰਾ ਕਰਦਿਆਂ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਖੇਤੀਬਾੜੀ ਵਿਗਿਆਨੀਆਂ ਦੀ ਟੀਮ ਦੇ ਨਾਲ, ਦੇਖਿਆ ਕਿ ਕਣਕ ਦੀ ਫਸਲ ਬਿਨਾਂ ਢਹੇ ਖੜ੍ਹੀ ਹੈ ਅਤੇ ਇਸਨੇ ਖਰਾਬ ਮੌਸਮ ਦਾ ਵੀ ਸਾਹਮਣਾ ਸਫਲਤਾ ਨਾਲ ਕੀਤਾ ਹੈ।
ਇਸ ਤਕਨੀਕ ਨਾਲ ਕਿਸਾਨਾਂ ਨੂੰ ਚਾਰੇ ਪਾਸੇ ਬਚਤ ਹੀ ਬਚਤ
ਵਾਈਸ ਚਾਂਸਲਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿਧੀ ਨਾਲ ਇੱਕ ਜਾਂ ਦੋ ਸਿੰਚਾਈਆਂ ਦੀ ਬੱਚਤ, ਬਿਨਾਂ ਮਹਿੰਗੀ ਮਸ਼ੀਨਰੀ ਦੇ ਆਸਾਨੀ ਨਾਲ ਕਾਸ਼ਤ ਅਤੇ ਨਦੀਨਾਂ ਦਾ ਘੱਟ ਜੰਮ ਦੇਖਣ ਵਿਚ ਆਇਆ ਹੈ। ਕਿਸਾਨ ਸਰਫੇਸ ਸੀਡਿੰਗ ਤਕਨਾਲੋਜੀ ਤੋਂ ਬਹੁਤ ਸੰਤੁਸ਼ਟ ਸਨ ਅਤੇ ਭਵਿੱਖ ਵਿੱਚ ਇਸ ਨੂੰ ਹੋਰ ਫੈਲਾਉਣ ਲਈ ਦ੍ਰਿੜ ਸਨ। ਪਿੰਡ ਸਲੇਣਾ ਜ਼ਿਲ੍ਹਾ ਮੋਗਾ ਦੇ ਕਿਸਾਨ ਤਰਸੇਮ ਸਿੰਘ, ਜਿਸ ਨੇ ਆਪਣੀ ਪੰਜ ਏਕੜ ਜ਼ਮੀਨ ‘ਤੇ ਸਰਫੇਸ ਸੀਡਿੰਗ ਤਕਨੀਕ ਅਪਣਾਈ ਹੋਈ ਸੀ, ਦੇ ਖੇਤ ਦਾ ਦੌਰਾ ਕਰਨ ਸਮੇਂ ਫ਼ਸਲ ਬਿਨਾਂ ਢਹੇ ਸਿਹਤਮੰਦ ਪਾਇਆ ਗਿਆ।
ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਦੇ ਅਧਿਕਾਰੀਆਂ ਨੇ ਵੀ ਹਾਂ ਪੱਖੀ ਨਤੀਜਿਆਂ ਦੀ ਜਾਣਕਾਰੀ ਦਿੱਤੀ, ਜਿਸ ਨਾਲ ਫਸਲ ਬੁਰੇ ਮੌਸਮ ਵਿਚ ਵੀ ਅਡੋਲ ਖੜ੍ਹੀ ਰਹੀ। ਕਿਸਾਨਾਂ ਨੂੰ ਕੁਝ ਰਕਬਾ ਦਿਖਾਇਆ ਜਿੱਥੇ ਮਲਚਰ ਦੀ ਬਜਾਏ ਝੋਨੇ ਦੀ ਪਰਾਲੀ ਨੂੰ ਕੱਟਣ ਅਤੇ ਫੈਲਾਉਣ ਲਈ ਕਟਰ-ਕਮ-ਸਪ੍ਰੇਡਰ ਦੀ ਵਰਤੋਂ ਕੀਤੀ ਗਈ।
ਕਿਸਾਨਾਂ ਨੇ ਖੁਦ ਦੱਸਿਆ ਸਫਲ ਤਜ਼ਰਬਾ
ਇੱਕ ਹੋਰ ਕਿਸਾਨ ਗੁਰਬਚਨ ਸਿੰਘ ਨੇ ਆਪਣੀ 32 ਏਕੜ ਕਣਕ ਅਤੇ ਇੱਕ ਏਕੜ ਗੋਭੀ ਸਰ੍ਹੋਂ ਦੇ ਖੇਤਾਂ ਵਿਚ ਸਰਫੇਸ ਸੀਡਿੰਗ ਦੀ ਵਰਤੋਂ ਦਿਖਾਈ ਅਤੇ ਕਿਹਾ ਕਿ ਇਸ ਤਕਨੀਕ ਨਾਲ ਬਿਨਾਂ ਡਿੱਗੇ ਵਧੀਆ ਫ਼ਸਲ ਸਾਮ੍ਹਣੇ ਆਈ ਹੈ ਜੋ ਸਿਹਤਮੰਦ ਅਤੇ ਨਦੀਨ ਰਹਿਤ ਹੈ । ਗੁਰਬਚਨ ਸਿੰਘ ਨੇ ਪਿਛਲੇ ਸਾਲ ਇੱਕ ਏਕੜ ਵਿੱਚ ਇਹ ਤਕਨੀਕ ਅਪਣਾਈ ਸੀ ਅਤੇ ਇਸ ਵਾਰ 32 ਏਕੜ ਤੱਕ ਵਧਾ ਦਿੱਤੀ ਹੈ। ਇਸ ਦੀ ਕਾਮਯਾਬੀ ਨੂੰ ਦੇਖ ਕੇ ਉਹ ਹੋਰ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ।
ਇਸੇ ਤਰ੍ਹਾਂ ਪੱਟੀ ਅਤੇ ਜਾਮਾਰਾਏ ਪਿੰਡਾਂ ਵਿੱਚ ਨਿਰੋਗ ਅਤੇ ਨਦੀਨ ਰਹਿਤ ਫ਼ਸਲ ਦੇਖਣ ਨੂੰ ਮਿਲੀ। ਪਿੰਡ ਦੂਲੋ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਦੇ ਜਸਪਾਲ ਸਿੰਘ ਨੇ ਆਪਣਾ ਪੰਜ ਏਕੜ ਦਾ ਕਣਕ ਦਾ ਖੇਤ ਦਿਖਾਇਆ ਅਤੇ ਦੱਸਿਆ ਕਿ ਸਰਫੇਸ ਸੀਡਿੰਗ ਤਕਨੀਕ ਵਿੱਚ ਉਸ ਦੀ ਬਿਜਾਈ ਲਾਗਤ ਲਗਭਗ ਨਾ-ਮਾਤਰ ਹੈ ਕਿਉਂਕਿ ਉਸ ਨੇ ਰਵਾਇਤੀ ਬਿਜਾਈ ਨਾਲੋਂ 20 ਕਿਲੋ ਘੱਟ ਬੀਜ ਦੀ ਵਰਤੋਂ ਕੀਤੀ ਸੀ। ਇਸ ਕਿਸਾਨ ਨੇ ਇਹ ਵੀ ਦੱਸਿਆ ਕਿ ਇਸ ਤਕਨੀਕ ਨਾਲ ਨਦੀਨਾਂ ਦੀ ਰੋਕਥਾਮ, ਵੱਧ ਝਾੜ ਅਤੇ ਇੱਕ ਤੋਂ ਦੋ ਸਿੰਚਾਈਆਂ ਦੀ ਬੱਚਤ ਦਾ ਵਾਧੂ ਫਾਇਦਾ ਹੈ। ਕਪੂਰਥਲਾ ਦੇ ਪਿੰਡ ਸ੍ਰੀ ਜੱਟਾਂ ਅਤੇ ਜਲੰਧਰ ਜ਼ਿਲ੍ਹਿਆਂ ਦੇ ਬਤੂਰਾ ਦੇ ਕਿਸਾਨਾਂ ਦਾ ਇੱਕ ਸਮੂਹ ਵੀ ਇਸ ਤਕਨੀਕ ਬਾਰੇ ਹਾਂ ਵਾਚੀ ਨਤੀਜੇ ਦਿਖਾਏ।
ਪੂਰੀ ਤਕਨੀਕੀ ਸਹਾਇਤਾ ਅਤੇ ਸਿਖਲਾਈ ਦੇਣ ਦਾ ਭਰੋਸਾ
ਆਪਣੀ ਟਿੱਪਣੀ ਵਿੱਚ ਡਾ. ਗੋਸਲ ਨੇ ਦੇਖਿਆ ਕਿ ਹੋਰ ਛੇ ਜ਼ਿਲ੍ਹਿਆਂ ਦੇ ਇਸ ਦੂਜੇ ਦੌਰੇ ਵਿੱਚ ਵੀ ਸਰਫੇਸ ਸੀਡਿੰਗ ਤਕਨਾਲੋਜੀ ਨਾਲ ਬੀਜੀ ਗਈ ਫਸਲ ਕਿਤੇ ਵੀ ਨਹੀਂ ਡਿਗੀ ਅਤੇ ਨਾਲ ਹੀ ਸੰਘਣੇ ਮਲਚ ਕਾਰਨ ਇੱਕ ਸਿੰਚਾਈ ਦੀ ਬੱਚਤ ਅਤੇ ਨਦੀਨ ਨਾਸ਼ਕਾਂ ਦੇ ਛਿੜਕਾਅ ਦੀ ਬਚਤ ਦੇਖੀ ਗਈ ਹੈ। ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਕਿਸਾਨਾਂ ਨੂੰ ਇਸ ਤਕਨਾਲੋਜੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਪੂਰੀ ਤਕਨੀਕੀ ਸਹਾਇਤਾ ਅਤੇ ਸਿਖਲਾਈ ਦੇਣ ਦਾ ਭਰੋਸਾ ਦਿੱਤਾ, ਜਿਸ ਨਾਲ ਉਹ ਆਪਣੀ ਫਸਲ ਤੋਂ ਭਰਪੂਰ ਲਾਭ ਪ੍ਰਾਪਤ ਕਰਨ ਦੇ ਯੋਗ ਬਣ ਸਕਣਗੇ। ਖੇਤੀ ਵਿਗਿਆਨ ਵਿਭਾਗ ਦੇ ਮੁਖੀ ਡਾ ਮੱਖਣ ਸਿੰਘ ਭੁੱਲਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ: ਧਨਵਿੰਦਰ ਸਿੰਘ ਵੀ ਇਸ ਦੌਰੇ ਦੌਰਾਨ ਮੌਜੂਦ ਸਨ ਅਤੇ ਹਰੇਕ ਜ਼ਿਲ੍ਹੇ ਦੇ ਖੇਤਾਂ ਦਾ ਉਨ੍ਹਾਂ ਬਾਰੀਕੀ ਨਾਲ ਨਿਰੀਖਣ ਕੀਤਾ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਕੰਬਾਈਨ ਹਾਰਵੈਸਟਰ ਨਾਲ ਜੋੜਨ ਵਾਲਾ ਢਾਂਚਾ ਤਿਆਰ ਕੀਤਾ ਹੈ ਜਿਸ ਰਾਹੀਂ ਝੋਨੇ ਦੀ ਵਾਢੀ ਅਤੇ ਕਣਕ ਦੀ ਸਰਫੇਸ ਸੀਡਿੰਗ ਇੱਕੋ ਸਮੇਂ ਕੀਤੀ ਜਾਂਦੀ ਹੈ| ਉਨ੍ਹਾਂ ਕਿਹਾ ਕਿ ਕਟਰ-ਕਮ-ਸਪ੍ਰੈਡਰ ਨਾਲ ਜੁੜਨ ਵਾਲਾ ਇੱਕ ਡਿਜ਼ਾਇਨ ਵੀ ਨਿਰਮਾਣ ਕੀਤਾ ਗਿਆ ਹੈ ਜਿਸ ਨਾਲ ਕਣਕ ਦੀ ਸਰਫੇਸ ਸੀਡਿੰਗ ਅਤੇ ਝੋਨੇ ਦੀ ਪਰਾਲੀ ਦੀ ਕਟਾਈ ਇੱਕੋ ਸਮੇਂ ਹੁੰਦੀ ਹੈ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਨਵੀਂ ਤਕਨੀਕ ਸਭ ਤੋਂ ਸੌਖਾ ਤਰੀਕਾ ਹੈ ਅਤੇ ਇਸ ਵਿਧੀ ਰਾਹੀਂ ਬੀਜੀ ਗਈ ਫਸਲ ਸੂਬੇ ਭਰ ਵਿੱਚ ਵਧੀਆ ਹਾਲਤ ਵਿੱਚ ਹੈ|