Punjab

ਕਿਸਾਨਾਂ ਦਾ ਚੱਕਾ ਜਾਮ,ਇਸ ਸ਼ਹਿਰ ਵਿੱਚ ਰੋਕੀਆਂ ਜਾਣਗੀਆਂ ਰੇਲਾਂ

ਬਟਾਲਾ : ਭਾਰਤ ਮਾਲਾ ਪ੍ਰੋਜੈਕਟ ਵਰਗੇ ਸਰਕਾਰੀ ਪ੍ਰੋਜੈਕਟਾਂ ਲਈ ਕਿਸਾਨਾਂ ਦੀਆਂ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਇਕਸਾਰ ਤੇ ਵਾਜ਼ਿਬ ਮੁਆਵਜ਼ੇ, ਗੰਨੇ ਦਾ ਬਕਾਇਆ ਲੈਣ ਅਤੇ ਹੋਰਨਾਂ ਰਹਿੰਦੀਆਂ ਕਿਸਾਨੀ ਮੰਗਾ ਨੂੰ ਲੈ ਕੇ ਕਿਸਾਨਾਂ ਨੇ ਫਿਰ ਮੁੜ ਤੋਂ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਿਸਾਨ ਜਥੇਬੰਦੀ ਵੱਲੋਂ ਦਿੱਤੇ ਗਏ ਸੱਦੇ ਦੇ ਅਨੁਸਾਰ ਦੁਪਹਿਰ ਕਰੀਬ 1 ਵਜੇ ਤੋਂ ਕਿਸਾਨ ਬਟਾਲਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ – ਪਠਾਨਕੋਟ ਰੇਲਵੇ ਟਰੈਕ ‘ਤੇ ਅਣਮਿਥੇ ਸਮੇਂ ਲਈ ਚੱਕਾ ਜਾਮ ਕਰਨਗੇ।

ਇਸ ਦੌਰਾਨ ਭਾਰੀ ਸੰਖਿਆ ਵਿੱਚ ਕਿਸਾਨਾਂ ਦੇ ਇਥੇ ਇਕੱਠੇ ਹੋਣ ਦੀ ਸੰਭਾਵਨਾ ਹੈ। ਜਿਸਦੇ ਚੱਲਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਅੱਜ ਸਵੇਰ ਤੋਂ ਹੀ ਬਟਾਲਾ ਰੇਲਵੇ ਸਟੇਸ਼ਨ ਤੇ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਦੇਖਣ ਨੂੰ ਮਿਲ ਰਹੀ ਹੈ |

ਇਸ ਸੰਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਅੱਜ ਬਟਾਲਾ ਰੇਲਵੇ ਸਟੇਸ਼ਨ ‘ਤੇ ਮੋਰਚਾ ਲਾਇਆ ਜਾਵੇਗਾ । ਜਿਸ ਦੌਰਾਨ ਕੱਟੜਾ-ਊਨਾਂ ਐਕਸਪ੍ਰੈਸ ਵੇਅ ਦਾ ਯੋਗ ਮੁਆਵਜ਼ਾ, ਗੰਨੇ ਦੀ ਬਕਾਇਆ ਰਾਸ਼ੀ,ਮੌਸਮ ਦੀ ਖਰਾਬੀ ਕਾਰਨ ਮਾਰੀਆਂ ਗਈਆਂ ਫਸਲਾਂ ਦਾ ਮੁਆਵਜ਼ਾ 50 ਹਜ਼ਾਰ ਪ੍ਰਤੀ ਏਕੜ,ਕਣਕ ਦੀ ਖਰੀਦ ਵਿੱਚ ਛੋਟ ਦੇਣ , ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਿਤ ਮੰਗਾਂ ਆਦਿ ਨੂੰ ਲੈ ਕੇ ਮੋਰਚਾ ਹੋਵੇਗਾ ਤੇ ਇਹ ਅਣਮਿਥੇ ਸਮੇਂ ਲਈ ਹੋਵੇਗਾ।