ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ( Sidhu Moosewala’s father Balkaur Singh ) ਨੇ ਅੱਜ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਈਮੇਲ ਰਾਹੀਂ ਧਮਕੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਮਾਰ ਦਿੱਤਾ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ ਦੋਸ਼ ਲਗਾਇਆ, ‘ਮੈਨੂੰ ਰਾਜਸਥਾਨ ਤੋਂ ਈਮੇਲ ’ਤੇ ਧਮਕੀ ਮਿਲੀ ਹੈ ਕਿ ਮੈਨੂੰ ਜਲਦੀ ਹੀ ਮਾਰ ਦਿੱਤਾ ਜਾਵੇਗਾ, ਇਸ ਲਈ ਲਾਰੈਂਸ ਬਿਸ਼ਨੋਈ ਦਾ ਨਾਮ ਨਾ ਲਓ।’ ਇਸ ਤੋਂ ਪਹਿਲਾਂ ਵੀ ਬਲਕੌਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਉਸ ਨੂੰ 25 ਅਪਰੈਲ ਤੋਂ ਪਹਿਲਾਂ ਮਾਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਕੀ ਗਲਤ ਕਰ ਰਿਹਾ ਹੈ। ਕੀ ਉਸ ਨੂੰ ਆਪਣੇ ਪੁੱਤਰ ਦਾ ਕੇਸ ਨਹੀਂ ਲੜਨਾ ਚਾਹੀਦਾ। ਉਸ ਨੂੰ 18, 24 ਅਤੇ 27 ਫਰਵਰੀ ਨੂੰ ਧਮਕੀ ਦਿੱਤੀ ਗਈ ਸੀ। ਪੁਲੀਸ ਅਨੁਸਾਰ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 7 ਮਾਰਚ ਨੂੰ ਬਲਕੌਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਕੇ ਮੂਸੇਵਾਲਾ ਦੇ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਤੋਂ ਬਾਅਦ ਆਪਣੇ ਪੁੱਤਰ ਦਾ ਕੇਸ ਰੱਬ ਭਰੋਸੇ ਛੱਡ ਦਿੱਤਾ ਹੈ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਨਾ ਤਾਂ ਸਰਕਾਰ ਅੱਗੇ ਹੱਥ ਜੋੜਨਗੇ ਅਤੇ ਨਾ ਹੀ ਕਿਸੇ ਸਰਕਾਰੀ ਦਫ਼ਤਰ ਜਾਣਗੇ ਅਤੇ ਸਿਰਫ਼ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਤੇ ਉਨ੍ਹਾਂ ਲੋਕਾਂ ਨੂੰ ਵੀ ਅਰਦਾਸ ਕਰਨ ਦੇ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦਾ ਹੁਣ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਘਰ ਹਰ ਐਤਵਾਰ ਉਨ੍ਹਾਂ ਦੇ ਪ੍ਰਸੰਸਕ ਵੱਡੀ ਗਿਣਤੀ ਦੇ ਵਿਚ ਮਾਤਾ ਪਿਤਾ ਨੂੰ ਮਿਲਣ ਦੇ ਲਈ ਆਉਂਦੇ ਹਨ, ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਇਸ ਦੁਨੀਆ ਤੇ ਨਹੀਂ ਰਿਹਾ, ਇਨਸਾਫ਼ ਲਈ ਉਨ੍ਹਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਪਰ ਕੁਝ ਪੱਲੇ ਨਹੀ ਪਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ, ਨੌਜਵਾਨਾਂ ਉੱਤੇ NSA ਲਗਾ ਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਸਰਕਾਰ ਨੌਜਵਾਨਾਂ ਨੂੰ ਕਿਸ ਤਰ੍ਹਾਂ ਜੇਲਾਂ ਦੇ ਵਿਚ ਸੁੱਟ ਰਹੀ ਹੈ, ਪੰਜਾਬ ਦੇ ਹਾਲਾਤਾਂ ਨੂੰ ਹਰ ਕੋਈ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਕ ਜਿੰਮੇਵਾਰ ਮੰਤਰੀ ਆ ਕੇ ਮੈਨੂੰ ਭਰੋਸਾ ਦੇ ਕੇ ਜਾਂਦਾ ਹੈ ਕਿ ਮਾਰਚ ਨੂੰ ਤੁਹਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦੇਵਾਂਗੇ ਪਰ ਅੱਜ ਤੁਸੀ ਦੇਖ ਲਓ ਕਿੰਨੀ ਤਰੀਕ ਹੋ ਚੁੱਕੀ ਹੈ, ਅਜੇ ਤੱਕ ਮੁੱਖ ਮੰਤਰੀ ਨਾਲ ਕੋਈ ਵੀ ਮੀਟਿੰਗ ਨਹੀਂ ਕਰਵਾਈ ਗਈ ਹੈ।