ਲੁਧਿਆਣਾ : 2000 ਕਰੋੜ ਦੇ ਟਰਾਂਸਪੋਰਟੇਸ਼ਨ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਅਪਣੀ ਲੁਧਿਆਣਾ ਰਿਹਾਇਸ਼ ਵਿਖੇ ਪਹੁੰਚੇ। ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਕਿਹਾ ਕਿ ਕੁਝ ਪੁਰਾਣੇ ਸਾਥੀ ਹਨ ਜੋ ਚੱਟਾਨ ਵਾਂਗ ਇਕੱਠੇ ਖੜੇ ਹਨ, ਉਹਨਾਂ ਦੇ ਪਿਆਰ ਅਤੇ ਸਤਿਕਾਰ ਦੀ ਹਮੇਸ਼ਾ ਕਦਰ ਕਰਦੇ ਰਹਿਣਗੇ। ਜਿਨ੍ਹਾਂ ਨੇ ਉਸ ਉੱਤੇ ਭਰੋਸਾ ਰੱਖਿਆ।
ਆਸ਼ੂ ਨੇ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂ ਤੇ ਵਰਕਰ ਮਿਲ ਕੇ ਕਾਂਗਰਸ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਗੇ | ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਾਂਗੇ। ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਵਰਕਰਾਂ ਵਿੱਚ ਇੱਕ ਵਾਰ ਫਿਰ ਇੱਕ ਵੱਖਰਾ ਜੋਸ਼ ਦੇਖਣ ਨੂੰ ਮਿਲੇਗਾ। ਸੱਚਾਈ ਲੋਕਾਂ ਤੱਕ ਪਹੁੰਚਾਈ ਜਾਵੇਗੀ।
ਆਸ਼ੂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣੀ ਨੂੰ ਅਜੇ ਇਕ ਸਾਲ ਹੀ ਹੋਇਆ ਹੈ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਅਸਲ ਵਿੱਚ ਕਿਨ੍ਹਾਂ ਹੱਥਾਂ ਵਿੱਚ ਸੁਰੱਖਿਅਤ ਹੈ। ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਰਾਹੁਲ ਗਾਂਧੀ ਨਾਲ ਹੋ ਰਹੀ ਧੱਕੇਸ਼ਾਹੀ ਦਾ ਵੀ ਮਹਾਂਨਗਰ ਵਿੱਚ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।
ਨਵਜੋਤ ਸਿੱਧੂ ਲਈ ਮਸ਼ਹੂਰ ਹੋਣਾ ਗੁਨਾਹ ਬਣ ਗਿਆ ਹੈ
ਆਸ਼ੂ ਨੇ ਕਿਹਾ ਕਿ ਉਹ ਜੇਲ੍ਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲਦੇ ਰਹੇ ਹਨ। ਨਵਜੋਤ ਸਿੱਧੂ ਦਾ ਮਸ਼ਹੂਰ ਹੋਣਾ ਅਸਲ ਵਿੱਚ ਗੁਨਾਹ ਬਣ ਗਿਆ ਹੈ। ਆਸ਼ੂ ਨੇ ਕਿਹਾ ਕਿ 75 ਸਾਲਾਂ ਦੇ ਇਤਿਹਾਸ ਵਿੱਚ ਧਾਰਾ 323 ਤਹਿਤ ਕਿਸੇ ਨੂੰ ਵੀ 2 ਜਾਂ 3 ਦਿਨ ਤੋਂ ਵੱਧ ਜੇਲ੍ਹ ਨਹੀਂ ਕੱਟਣੀ ਪਈ। ਸਿੱਧੂ ਨੂੰ ਇੰਨਾ ਲੰਮਾ ਸਮਾਂ ਜੇਲ੍ਹ ਵਿੱਚ ਰਹਿਣਾ ਮੰਦਭਾਗਾ ਹੈ। ਸਿੱਧੂ ਨੇ ਮਾਣ ਨਾਲ ਜੇਲ੍ਹ ਕੱਟੀ ਹੈ। ਜੇਲ੍ਹ ਤੋਂ ਬਾਹਰ ਆ ਕੇ ਉਹ ਰੂਹਾਨੀਅਤ ਲੈ ਕੇ ਆਉਣਗੇ ਅਤੇ ਪਾਰਟੀ ਲਈ ਸਖ਼ਤ ਮਿਹਨਤ ਕਰਨਗੇ।
ਮੈਂ ਹਰ ਸਵਾਲ ਦਾ ਜਵਾਬ ਦਿਆਂਗਾ: ਆਸ਼ੂ
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਕੁਝ ਦਿਨਾਂ ‘ਚ ਪ੍ਰੈੱਸ ਕਾਨਫਰੰਸ ਕਰਨਗੇ। ਜਿਸ ਵਿੱਚ ਪੱਤਰਕਾਰ ਕੋਈ ਵੀ ਸਵਾਲ ਪੁੱਛ ਸਕਦੇ ਹਨ। ਪੱਤਰਕਾਰਾਂ ਨੇ ਵੀ ਅਧਿਕਾਰੀਆਂ ਨੂੰ ਘੇਰਿਆ ਹੈ, ਇਸ ਲਈ ਉਹ ਉਸ ਸਮੇਂ ਦੇ ਸਵਾਲਾਂ ਦੇ ਜਵਾਬ ਵੀ ਜ਼ਰੂਰ ਦੇਣਗੇ, ਤਾਂ ਜੋ ਸੱਚਾਈ ਹਰ ਵਿਅਕਤੀ ਤੱਕ ਪਹੁੰਚ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਟੈਂਡਰ ਘਪਲੇ ’ਚ ਫਸੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬੀਤੇ ਦਿਨ ਪੱਕੀ ਜ਼ਮਾਨਤ ਦੇ ਦਿੱਤੀ ਸੀ। ਹਾਈ ਕੋਰਟ ਦੇ ਜੱਜ ਅਨੂਪ ਚਿਤਕਾਰਾ ਨੇ ਇਸ ਮਾਮਲੇ ’ਚ 23 ਫਰਵਰੀ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ।
ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਾਰਤ ਭੂਸ਼ਣ ਅਧੀਨ ਰਹੇ ਵਿਭਾਗ ਵਿੱਚ ਟਰਾਂਸਪੋਰਟ ਟੈਂਡਰ ਘੁਟਾਲੇ ਸਬੰਧੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 16 ਅਗਸਤ 2022 ਨੂੰ ਕੇਸ ਦਰਜ ਕੀਤਾ ਗਿਆ ਸੀ । ਪੰਜਾਬ ਵਿਜੀਲੈਂਸ ਬਿਊਰੋ ਨੇ 22 ਅਗਸਤ 2022 ਨੂੰ ਆਸ਼ੂ ਨੂੰ ਲੁਧਿਆਣਾ ਵਿਖੇ ਇੱਕ ਸੈਲੂਨ ਤੋਂ ਗ੍ਰਿਫਤਾਰ ਕੀਤਾ ਸੀ। ਕਰੀਬ 8 ਦਿਨਾਂ ਦੇ ਵਿਜੀਲੈਂਸ ਰਿਮਾਂਡ ਤੋਂ ਬਾਅਦ ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੇ ਆਸ਼ੂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਤਾਂ ਆਸ਼ੂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਪਰ ਹੁਣ ਤੱਕ ਉਸ ਨੂੰ ਰਾਹਤ ਨਹੀਂ ਮਿਲ ਸਕੀ ਸੀ। ਜਿਸ ਤਹਿਤ ਉਹ ਪਿਛਲੇ ਸੱਤ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਨ।
ਦੱਸ ਦਈਏ ਕਿ ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ। ਸ਼ਿਕਾਇਤਕਰਤਾ ਲੇਬਰ ਅਤੇ ਟਰਾਂਸਪੋਰਟ ਦੇ ਛੋਟੇ ਠੇਕੇਦਾਰਾਂ ਦੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਸੀ ਕਿ 3 ਸਾਲਾਂ ਤੋਂ ਲੇਬਰ ਕਾਟੇਜ, ਲੇਬਰ ਪੀ.ਈ.ਜੀ. ਅਤੇ ਟਰਾਂਸਪੋਰਟ ਦੇ ਟੈਂਡਰਾਂ ਵਿੱਚ 20-25 ਵੱਡੇ ਠੇਕੇਦਾਰਾਂ ਨੂੰ ਮਨਮਾਨੇ ਰੇਟਾਂ ‘ਤੇ ਠੇਕੇ ਅਲਾਟ ਕੀਤੇ ਗਏ ਸਨ। ਜਦੋਂ ਕਿ 5000 ਛੋਟੇ ਠੇਕੇਦਾਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।
ਯੂਨੀਅਨ ਨੇ ਕਿਹਾ ਸੀ ਕਿ ਕੋਰੋਨਾ ਦੇ ਸਮੇਂ ਦੌਰਾਨ ਅਚਾਨਕ 2019-20 ਵਿੱਚ ਵਿਭਾਗ ਵੱਲੋਂ ਟੈਂਡਰ ਰੇਟ ਦੁੱਗਣੇ ਕਰ ਦਿੱਤੇ ਗਏ ਸਨ। ਗੁਰਪ੍ਰੀਤ ਸਿੰਘ ਦੀ ਤਰਫੋਂ ਆਸ਼ੂ ਦੀ ਸ਼ਿਕਾਇਤ ਵਿਜੀਲੈਂਸ ਮੁਖੀ ਨੂੰ ਕੀਤੀ ਗਈ ਸੀ, ਜਿਸ ਨੂੰ ਫਿਰ ਲੁਧਿਆਣਾ ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੂੰ ਮਾਰਕ ਕੀਤਾ ਗਿਆ ਸੀ।