Punjab

ਵੜਿੰਗ ਨੇ ਇਨ੍ਹਾਂ ਨੌਜਵਾਨਾਂ ਲਈ DGP ਨੂੰ ਪਾਇਆ ਵਾਸਤਾ…

Raja Waring wrote a letter to the DGP of Punjab

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਮਾਹੌਲ ਬਹੁਤ ਸੰਵੇਦਨਸ਼ੀਲ ਬਣਿਆ ਹੋਇਆ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਪੁਲਿਸ ਅੱਜ ਲਗਾਤਾਰ ਪੰਜਵੇਂ ਦਿਨ ਵੀ ਭਾਲ ਕਰ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਕਈ ਵੱਡੇ ਖੁਲਾਸੇ ਵੀ ਕੀਤੇ ਜਾ ਰਹੇ ਹਨ। ਪੁਲਿਸ ਲਗਾਤਾਰ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨ ਰਹੀ ਹੈ ਤਾਂ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਇਸ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਕਦੋਂ ਦਾ ਗ੍ਰਿਫਤਾਰ ਕਰ ਚੁੱਕੀ ਹੈ। ਇਸੇ ਦੇ ਚੱਲਦਿਆਂ ਵਿਰੋਧੀ ਧਿਰਾਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਲਗਾਤਾਰ ਘੇਰਿਆ ਜਾ ਰਿਹਾ ਹੈ।

ਨੌਜਵਾਨਾਂ ਦੀ ਗ੍ਰਿਫਤਾਰੀ ‘ਤੇ ਪ੍ਰਗਟਾਈ ਚਿੰਤਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸੇ ਦੇ ਚੱਲਦਿਆਂ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਮਾਮਲੇ ’ਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਫੜੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇਸ਼ ਵਿਰੋਧੀ ਅਨਸਰਾਂ ਪ੍ਰਤੀ ਕਿਸੇ ਵੀ ਨਰਮੀ ਦਾ ਸਮਰਥਨ ਨਹੀਂ ਕਰਦੀ ਪਰ ਇਨ੍ਹਾਂ ਗੁੰਮਰਾਹ ਨੌਜਵਾਨਾਂ ਦੇ ਮੁੜ ਵਸੇਬੇ ਲਈ ਨਰਮ ਪਹੁੰਚ ਦੀ ਲੋੜ ਹੈ। ਵੜਿੰਗ ਨੇ ਪੱਤਰ ਵਿੱਚ ਲਿਖਿਆ ਕਿ ਦਿਨੋਂ ਦਿਨ ਲੋਕ ਪੰਜਾਬ ਸਰਕਾਰ ਉੱਤੇ ਆਪਣਾ ਭਰੋਸਾ ਖੋਹ ਰਹੇ ਹਨ।

ਵੜਿੰਗ ਨੇ ਪੱਤਰ ਦੇ ਅਖੀਰ ਵਿੱਚ ਉਮੀਦ ਜਤਾਈ ਕਿ ਉਨ੍ਹਾਂ ਦੇ ਇਸ ਤੀਜੇ ਪੱਤਰ ਦਾ ਜਵਾਬ ਉਨ੍ਹਾਂ ਨੂੰ ਜ਼ਰੂਰ ਮਿਲੇਗਾ ਜਿਵੇਂ ਕਿ ਪਹਿਲੇ ਦੋ ਪੱਤਰਾਂ ਦਾ ਜਵਾਬ ਉਨ੍ਹਾਂ ਨੂੰ ਨਹੀਂ ਮਿਲਿਆ। ‘ਵਾਰਿਸ ਪੰਜਾਬ ਦੇ’ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਕੁਝ ਲੋਕ ਅੰਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਦੀ ਕਾਰਵਾਈ ਨੂੰ ਸਹੀ ਠਹਿਰਾ ਰਹੇ ਹਨ ਤਾਂ ਕੁਝ ਇਸਨੂੰ ਨਾਜਾਇਜ਼। ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਹਾਲੇ ਤੱਕ ਜਾਰੀ ਹੈ। ਪੰਜਾਬ ਪੁਲਿਸ ਨੇ ਹੁਣ ਤੱਕ ਅੰਮ੍ਰਿਤਪਾਲ ਸਿੰਘ ਦੇ 154 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।