ਬਿਊਰੋ ਰਿਪੋਰਟ : ਕਰਨਾਲ ਤੋਂ ਮੋਗਾ ਜਾ ਰਹੇ ਭੁਪਿੰਦਰ ਸਿੰਘ ਨਾਲ ਜੋ ਕੁਝ ਹੋਇਆ ਉਹ ਤੁਹਾਡੇ ਨਾਲ ਵੀ ਹੋ ਸਕਦਾ ਹੈ ਜੇਕਰ ਤੁਸੀਂ ਅਲਰਟ ਨਾ ਰਹੇ। ਤੁਹਾਡੀ ਇੱਕ ਲਾਪਰਵਾਹੀ ਤੁਹਾਨੂੰ ਲੁੱਟ ਦਾ ਸ਼ਿਕਾਰ ਬਣਾ ਸਕਦੀ ਹੈ । ਭੁਪਿੰਦਰ ਸਿੰਘ ਨਾਲ ਵੀ ਅਜਿਹਾ ਹੋਇਆ । ਉਸ ਨੇ ਕਰਨਾਲ ਤੋਂ ਮੋਗਾ ਜਾਂਦੇ ਹੋਏ ਇੱਕ ਮਹਿਲਾ ਨੂੰ ਰਸਤੇ ਵਿੱਚੋਂ ਲਿਫਟ ਦਿੱਤੀ । ਜਦੋਂ ਭੁਪਿੰਦਰ ਮੁੱਲਾਪੁਰ ਟੋਲ ਪਲਾਜ਼ਾ ਕੋਲ ਪਹੁੰਚਿਆ ਤਾਂ ਮਹਿਲਾ ਨੇ ਲਿਫਟ ਦੇ ਲਈ ਪੁੱਛਿਆ,ਭੁਪਿੰਦਰ ਪਹਿਲੀ ਵਾਰ ਭਤੀਜੀ ਨੂੰ ਮਿਲਣ ਮੋਗਾ ਜਾ ਰਿਹਾ ਸੀ ਉਸ ਨੇ ਸੋਚਿਆ ਕਿ ਮਹਿਲਾ ਮੋਗਾ ਦੀ ਹੈ ਅਤੇ ਰਸਤਾ ਲੱਭਨ ਵਿੱਚ ਮੁਸ਼ਕਿਲ ਨਹੀਂ ਹੋਵੇਗੀ । 1 ਘੰਟੇ ਬਾਅਦ ਭੁਪਿੰਦਰ ਜਦੋਂ ਕੋਟ ਈਸੇ ਖਾਨ ਕੋਲ ਪਹੁੰਚਿਆ ਤਾਂ ਉਸ ਨੇ ਟਾਇਲੇਟ ਦੇ ਲਈ ਗੱਡੀ ਸਾਈਡ ‘ਤੇ ਰੋਕੀ । ਬੱਸ ਉੱਥੇ ਹੀ ਖੇਡ ਹੋ ਗਈ ।
ਮਹਿਲਾ ਨੇ ਵਿਖਾ ਦਿੱਤੀ ਹੱਥ ਦੀ ਸਫਾਈ
ਭੁਪਿੰਦਰ ਨੇ ਗੱਡੀ ਦੀ ਚਾਬੀ ਨਹੀਂ ਉਤਾਰੀ ਸੀ ਇਗਨੀਸ਼ਨ ਦੇ ਨਾਲ ਰਹਿਣ ਦਿੱਤੀ । ਜਿਵੇਂ ਹੀ ਉਹ ਟਾਇਲੇਟ ਕਰਕੇ ਵਾਪਸ ਆਇਆ ਤਾਂ ਕਾਰ ਗਾਇਬ ਸੀ ਅਤੇ ਮਹਿਲਾ ਵੀ ਫਰਾਰ ਸੀ । ਭੁਪਿੰਦਰ ਸਿੰਘ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ । ਉਸ ਨੇ ਦੂਰ ਤੋਂ ਆਪਣੀ ਆਲਟੋ ਕਾਰ ਜਾਂਦੇ ਹੋਏ ਵੇਖੀ, ਪਰ ਜਦੋਂ ਤੱਕ ਉਹ ਕੁਝ ਕਰ ਪਾਉਂਦਾ ਮਹਿਲਾ ਕਾਰ ਲੈਕੇ ਕਾਫੀ ਦੂਰ ਜਾ ਚੁੱਕੀ ਸੀ । ਹਨੇਰਾ ਹੋਣ ਦੀ ਵਜ੍ਹਾ ਕਰਕੇ ਦੂਰ-ਦੂਰ ਕਰ ਤੱਕ ਕੋਈ ਨਹੀਂ ਸੀ । ਕਿਸੇ ਤਰ੍ਹਾਂ ਉਹ ਪਿੰਡ ਵਾਲਿਆਂ ਦੀ ਮਦਦ ਨਾਲ ਪੁਲਿਸ ਸਟੇਸ਼ਨ ਪਹੁੰਚਿਆ ਤਾਂ ਉਸ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ । ਉਸ ਨੇ ਮਹਿਲਾ ਦਾ ਹੁਲਿਆ ਦੱਸਿਆ ਕਿ ਉਸ ਨੇ ਸਲਵਾਰ ਕਮੀਜ਼ ਪਾਈ ਸੀ ਅਤੇ ਅਤੇ ਉਮਰ 30 ਸਾਲ ਤੋਂ ਘੱਟ ਸੀ । ਪੁਲਿਸ ਨੇ IPC ਦੇ ਸੈਕਸ਼ਨ 379 ਅਧੀਨ ਕੇਸ ਦਰਜ ਕਰ ਲਿਆ । ਪਰ ਇਹ ਵਾਰਦਾਤ ਵੱਡਾ ਸਬਕ ਹੈ ।
ਲਿਫਟ ਦੇਣ ਵੇਲੇ ਰੱਖੋ ਖਿਆਲ
ਭੁਪਿੰਦਰ ਸਿੰਘ ਨਾਲ ਲਿਫਟ ਦੇਣ ਤੋਂ ਬਾਅਦ ਜੋ ਹੋਇਆ ਉਹ ਵੱਡਾ ਸਬਕ ਹੈ । ਪਹਿਲਾਂ ਤਾਂ ਬਿਨਾਂ ਜਾਨ ਪਛਾਣ ਤੋਂ ਲਿਫਟ ਦੇਣ ਤੋਂ ਬਚੋਂ । ਜੇਕਰ ਤੁਸੀਂ ਦੇਣੀ ਵੀ ਹੈ ਤਾਂ ਉਸ ਦੇ ਦਸਤਾਵੇਜ਼ ਅਤੇ ਉਸ ਦੀ ਫੋਟੋ ਖਿਚ ਲਿਓ ਤਾਂਕਿ ਜੇਕਰ ਉਸ ਨੇ ਅਜਿਹੀ ਕੋਈ ਹਰਕਤ ਕਰਨੀ ਹੈ ਤਾਂ ਉਹ ਪਹਿਲਾਂ ਹੀ ਡਰ ਜਾਏ । ਸਿਰਫ਼ ਇੰਨਾਂ ਹੀ ਨਹੀਂ ਦਸਤਾਵੇਜ਼ ਅਤੇ ਫੋਟੋ ਆਪਣੇ ਕਿਸੇ ਅਜਿਹੇ ਨਜ਼ਦੀਕੀ ਨੂੰ ਭੇਜੋ ਤਾਂਕਿ ਉਸ ਨੂੰ ਫੜਿਆ ਜਾ ਸਕੇ । ਸਭ ਤੋਂ ਜ਼ਰੂਰੀ ਭੁਪਿੰਦਰ ਸਿੰਘ ਨੇ ਜਿਹੜੀ ਗਲਤੀ ਕੀਤੀ ਉਹ ਤਾਂ ਬਿਲਕੁਲ ਵੀ ਨਾ ਕਰੋ ਕਿ ਗੱਡੀ ਦੀ ਚਾਬੀ ਨਾਲ ਲੱਗਾ ਕੇ ਚੱਲੇ ਜਾਓ।