ਬਿਊਰੋ ਰਿਪੋਰਟ : ਪੰਜਾਬ ਵਿੱਚ ਸਕੂਲਾਂ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਉਹ ਆਪਣੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾਂ ਵਿਚ ਕਰਵਾਉਣ। ਹਰਜੋਤ ਸਿੰਘ ਬੈਂਸ ਨੇ ਸਕੂਲ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਸਾਰੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਜਥੇਬੰਦੀਆਂ ਨੂੰ ਆਨ ਲਾਈਨ ਪੱਤਰ ਲਿਖਿਆ ਹੈ। ਸਿੱਖਿਆ ਮੰਤਰੀ ਨੇ ਸਿਰਫ ਅਪੀਲ ਕੀਤੀ ਹੈ, ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਹਨ, ਜਿਸ ਨੂੰ ਮੰਨਣਾ ਜ਼ਰੂਰੀ ਹੈ । ਮੰਤਰੀ ਹਰਜੋਤ ਬੈਂਸ ਦੀ ਇਹ ਇੱਕ ਚੰਗੀ ਸੋਚ ਹੈ ਪਰ ਵੱਡਾ ਸਵਾਲ ਇਹ ਹੈ ਕਿ ਇਸ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪਾਰਟੀ ਜਾਂ ਫਿਰ ਸਿਆਸਤਦਾਨਾਂ ਦੇ ਘਰਾਂ ਤੋਂ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਸੀ । ਆਪ ਦੇ ਮੌਜੂਦਾ ਵਿਧਾਇਕਾਂ,ਮੰਤਰੀ ਅਤੇ ਹੋਰ ਪਾਰਟੀਆਂ ਦੇ ਵਿਧਾਇਕ ਜੇਕਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਦੀ ਸ਼ੁਰੂਆਤ ਕਰਦੇ ਤਾਂ ਇੱਕ ਮਜ਼ਬੂਤ ਸੁਨੇਹਾ ਜਾ ਸਕਦਾ ਹੈ । ਸਿੱਖਿਆ ਮੰਤਰੀ ਵਾਰ-ਵਾਰ 1 ਸਾਲ ਦੇ ਅੰਦਰ ਪੰਜਾਬ ਦੇ ਸਕੂਲਾਂ ਵਿੱਚ ਕਰਾਂਤੀਕਾਰੀ ਬਦਲਾਅ ਦਾ ਦਾਅਵਾ ਕਰ ਰਹੇ ਹਨ ਅਜਿਹੇ ਵਿੱਚ ਇਸ ਬਦਲੀ ਸੋਚ ਦੀ ਸ਼ੁਰੂਆਤ ਪਹਿਲਾਂ ਘਰੋ ਹੋਏ ਤਾਂ ਚੰਗਾ ਰਹਿੰਦੀ ਹੈ । ਪੰਜਾਬ ਦੇ ਲੋਕ ਵੀ ਜਿੱਥੇ ਸਿੱਖਿਆ ਮੰਤਰੀ ਦੀ ਇਸ ਸੋਚ ਦੀ ਤਾਰੀਫ ਕਰ ਰਹੇ ਹਨ ਉਧਰ ਸਵਾਲ ਵੀ ਪੁੱਛ ਰਹੇ ਹਨ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਦੌਰਿਆਂ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸੱਦਾ ਮਿਲ ਰਿਹਾ ਹੈ ਜਿਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਸਕੂਲ ਵਿਭਾਗ ਦੇ ਉਹਨਾਂ ਸਾਰੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵੀ ਸਲਾਮ ਕਿਹਾ ਹੈ ਜੋ ਆਪਣੀ ਨੇਕ ਕਮਾਈ ਵਿੱਚੋਂ ਬਹੁਤ ਸਾਰਾ ਪੈਸਾ ਵਿਦਿਆਰਥੀਆਂ ਦੀ ਭਲਾਈ ਅਤੇ ਸਕੂਲਾਂ ਨੂੰ ਸੁੰਦਰ ਬਣਾਉਣ ਵਾਸਤੇ ਖਰਚ ਕਰ ਰਹੇ ਹਨ। ਮੰਤਰੀ ਹਰਜੋਤ ਸਿੰਘ ਸਿੰਘ ਬੈਂਸ ਨੇ ਪੱਤਰ ਵਿੱਚ ‘ਮਿਸ਼ਨ-100 ਪ੍ਰਤੀਸ਼ਤ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਾਰਜ ਪ੍ਰਤੀ ਅਧਿਆਪਕਾਂ ਦਾ ਸਮਰਪਣ ਦੇਖ ਕੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਦਾਖ਼ਲਾ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਇਸ ਮੁਹਿੰਮ ਦਾ ਮਕਸਦ ਸਿਰਫ਼ ਵਿਦਿਆਰਥੀਆਂ ਦੀ ਗਿਣਤੀ ਵਧਾਉਣਾ ਹੀ ਨਹੀਂ ਸਗੋਂ ਸਮਾਜ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਕੇ ਉਹਨਾਂ ਦਾ ਵਿਸ਼ਵਾਸ ਬਹਾਲ ਕਰਨਾ ਵੀ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ‘ਸਕੂਲ ਆਫ਼ ਐਮੀਨੈਂਸ’ ਦੀ ਰਜਿਸਟਰੇਸ਼ਨ ਵੱਧ ਤੋਂ ਵੱਧ ਕਰਵਾ ਕੇ ਵਿਦਿਆਰਥੀਆਂ ਨੂੰ ਇਹਨਾਂ ਸਕੂਲਾਂ ਦੇ ਦਾਖ਼ਲੇ ਦੀ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਵੀ ਕਰਵਾਓ।