Punjab

ਪਟਿਆਲਾ ਯੂਨੀਵਰਸਿਟੀ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ,ਵਰਤਿਆ ਚਾਕੂ ਵੀ ਹੋਇਆ ਬਰਾਮਦ

ਪਟਿਆਲਾ : ਪਟਿਆਲਾ ਯੂਨੀਵਰਸਿਟੀ ਵਿੱਚ ਆਪਸੀ ਰੰਜਿਸ਼ ਦੇ ਚੱਲਦਿਆਂ ਵਿਦਿਆਰਥੀ ਦੇ ਹੋਏ ਕਤਲ ਦੇ ਦੋ ਦਿਨ ਬਾਅਦ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਇਹਨਾਂ ਤੋਂ ਵਾਰਦਾਤ ਵੇਲੇ ਵਰਤਿਆ ਗਿਆ ਹਥਿਆਰ ਵੀ ਬਰਾਮਦ ਹੋ ਗਿਆ ਹੈ।

ਇਸ ਘਟਨਾ ਦੇ ਦੇ ਸੰਬੰਧ ਵਿੱਚ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ,ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਵੇਲੇ ਹਮਲੇ ਦਾ ਸ਼ਿਕਾਰ ਹੋਏ ਨਵਜੋਤ ਸਿੰਘ ਨੂੰ ਵਿਦਿਆਰਥੀਆਂ ਨੇ ਮੋਟਰਸਾਈਕਲ ‘ਤੇ ਬਿਠਾਇਆ ਤੇ ਉਸ ਨੂੰ ਹਸਪਤਾਲ ਲੈ  ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇੱਕ ਹੋਰ ਫੂਟੇਜ ਵਿੱਚ ਹਮਲਾਵਰ ਵੀ ਘਟਨਾ ਵਾਲੀ ਥਾਂ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਹਨ।

ਇਸ ਸੰਬੰਧ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮ ਵਿਦਿਆਰਥੀ ਹੀ ਹਨ ਤੇ ਇਹਨਾਂ ਵਿੱਚੋਂ ਇੱਕ ਤੇ ਹੀ ਇੱਕ-ਦੋ ਮਾਮਲੇ ਦਰਜ ਹਨ ਪਰ ਕਿਸੇ ਦਾ ਵੀ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਇਸ ਕਤਲ ਦੀ ਵਜਾ ਵੀ ਬਹੁਤ ਮਾਮੁਲੀ ਹੈ ,ਮਾਰੇ ਗਏ ਨੌਜਵਾਨ ਦਾ ਪੀਜੀ ਵਿੱਚ ਬਿਜਲੀ ਦਾ ਬਿੱਲ ਭਰਨ ਸੰਬੰਧੀ ਝਗੜਾ ਹੋਇਆ ਸੀ।

ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਜੁਗਨੂੰ ਵਾਸੀ ਪਿੰਡ ਸਾਹਿਬ ਨਗਰ ਪਟਿਆਲਾ, ਮੋਹਿਤ ਕੰਬੋਜ ਵਾਸੀ ਚੱਕ ਪੁੰਨਾਵਾਲੀ ਜ਼ਿਲ੍ਹਾ ਫਾਜ਼ਿਲਕਾ, ਸੰਨਜੋਤ ਸਿੰਘ ਵਾਸੀ ਪਿੰਡ ਠੇਠਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ, ਹਰਵਿੰਦਰ ਸਿੰਘ ਵਾਸੀ ਪਿੰਡ ਮੋਰਵਾਲੀ ਜ਼ਿਲ੍ਹਾ ਫਰੀਦਕੋਟ ਵਜੋਂ ਕੀਤੀ ਹੈ।  ਮੋਹਿਤ ਕੰਬੋਜ ਆਪਣੇ 4 ਸਾਥੀਆਂ ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਕੋਠੀ ਕਿਰਾਏ ’ਤੇ ਲ਼ੈ ਕੇ ਰਹਿੰਦਾ ਸੀ। ਇਸ ਦੇ ਬਿਜਲੀ ਬਿੱਲ ਕਾਰਨ 26 ਫਰਵਰੀ ਨੂੰ ਯੂਨੀਵਰਸਿਟੀ ਦੇ ਮੇਨ ਗੇਟ ਬਾਹਰ ਇਨ੍ਹਾਂ ਵਿਚਾਲੇ ਮਾਮੂਲੀ ਝਗੜਾ ਹੋਇਆ ਸੀ। ਕਿਸੇ ਵੀ ਧਿਰ ਨੇ ਕੋਈ ਸ਼ਿਕਾਇਤ ਨਹੀ ਸੀ ਦਿੱਤੀ। ਕੋਠੀ ਦੇ ਬਿਜਲੀ ਬਿੱਲ ਨੂੰ ਲੈ ਕੇ ਹੀ 27 ਫਰਵਰੀ ਨੂੰ ਮੋਹਿਤ ਕੰਬੋਜ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਨਵਜੋਤ ਸਿੰਘ ਤੇ ਹੋਰਾਂ ਉਪਰ ਯੂਨੀਵਰਸਿਟੀ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਨਵਜੋਤ ਦੀ ਮੌਤ ਹੋ ਗਈ। ਐਸਐਸਪੀ  ਪਟਿਆਲਾ ਨੇ ਮੀਡੀਆ ਰਾਹੀਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ  ਕਿਹਾ ਹੈ ਕਿ ਉਹ ਆਪਣੀ ਤਾਕਤ ਨੂੰ ਕਿਸੇ ਸਹੀ ਪਾਸੇ ਲਾਉਣ।

ਜ਼ਿਕਰਯੋਗ ਹੈ ਕਿ ਕੱਲ ਇਸੇ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਵਿਭਾਗ ਨੂੰ ਬੰਦ ਕਰ ਦਿੱਤਾ ਸੀ ਅਤੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ।

ਇਸ ਦੌਰਾਨ ਮੰਗ ਕੀਤੀ ਗਈ ਸੀ ਕਿ ਕੈਂਪਸ ਅੰਦਰ ਆਊਟਸਾਈਡਰਸ ਦਾ ਆਉਣਾ ਬੰਦ ਕੀਤਾ ਜਾਵੇ।ਇਸ ਦੌਰਾਨ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਮਿਲ ਕੇ ਇਹ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ‘ਤੇ ਜਰੂਰ ਗੌਰ ਕੀਤਾ ਜਾਵੇਗਾ,ਜਿਸ ਤੋਂ ਬਾਅਦ ਇਹ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਸੀ।