Punjab

ਪਟਿਆਲਾ ਮਾਮਲਾ : ਵਿਦਿਆਰਥੀਆਂ ਦਾ ਵੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ,ਘਰਦਿਆਂ ਨੇ ਵੀ ਕੀਤੀ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ

ਪਟਿਆਲਾ : ਪਟਿਆਲਾ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਕਰ ਰਹੇ 20 ਸਾਲਾ ਨੌਜਵਾਨ ਦੀ ਕੈਂਪਸ ਦੇ ਅੰਦਰ ਹੀ ਹੱਤਿਆ ਕੀਤੇ ਜਾਣ ਤੋਂ ਬਾਅਦ ਮਾਹੌਲ ਭੱਖ ਗਿਆ ਹੈ। ਤੇਜ਼ਧਾਰ ਹਥਿਆਰ ਨਾਲ ਹਮਲੇ ’ਚ ਨਵਜੋਤ ਸਿੰਘ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ ਨੇ ਅੱਜ ਵਿਭਾਗ ਨੂੰ ਬੰਦ ਕਰ ਦਿੱਤਾ ਅਤੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਸਾਂਝਾ ਵਿਦਿਆਰਥੀ ਮੋਰਚਾ ਨਾਲ ਜੁੜੇ ਵਿਦਿਆਰਥੀਆਂ ਨੇ ਵੀ ਧਰਨਾ ਦਿੱਤਾ।

ਇਸ ਦੌਰਾਨ ਮੰਗ ਕੀਤੀ ਗਈ ਹੈ ਕਿ ਕੈਂਪਸ ਅੰਦਰ ਆਊਟਸਾਈਡਰਸ ਦਾ ਆਉਣਾ ਬੰਦ ਕੀਤਾ ਜਾਵੇ।ਇਸ ਦੌਰਾਨ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਮਿਲ ਕੇ ਇਹ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਮੰਗਾਂ ‘ਤੇ ਜਰੂਰ ਗੌਰ ਕੀਤਾ ਜਾਵੇਗਾ,ਜਿਸ ਤੋਂ ਬਾਅਦ ਇਹ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

ਰੋਸ ਕਰਨ ਵਾਲੇ ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਗੇਟ ‘ਤੇ ਕੋਈ ਵੀ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ,ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਵਿਦਿਆਰਥੀ ਆਗੂਆਂ ਨੇ ਮੀਡੀਆ ਨਾਲ ਗੱਲ ਕਰਦਿਆਂ ਇਹ ਸਵਾਲ ਖੜੇ ਕੀਤੇ ਹਨ ਕਿ ਤੇਜ਼ਧਾਰ ਹਥਿਆਰ ਲੈ ਕੇ ਕੋਈ ਅੰਦਰ ਕਿਵੇਂ ਆ ਗਿਆ? ਯੂਨੀਵਰਸਿਟੀ ਵਿੱਚ ਸੀਸੀਟੀਵੀ ਕੈਮਰੇ ਲਗੇ ਹੋਏ ਹਨ ਪਰ ਫਿਰ ਵੀ ਆਰਾਮ ਨਾਲ ਕਾਤਲ ਹਥਿਆਰਾਂ ਨਾਲ ਅੰਦਰ ਆ ਜਾਂਦੇ ਹਨ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਮੁੜ ਜਾਂਦੇ ਹਨ। ਇਸ ਲਈ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਉਠਣੇ ਲਾਜ਼ਮੀ ਹਨ।

ਇਨਾਂ ਹੀ ਨਹੀਂ,ਮਾਰੇ ਗਏ ਨੌਜਵਾਨ ਦੇ ਪਰਿਵਾਰ ਨੇ ਵੀ ਮ੍ਰਿਤਕ ਵਿਦਿਆਰਥੀ ਦਾ ਪੋਸਟਮਾਰਟਮ ਹੋਣ ਤੋਂ ਪਹਿਲਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚ ਕੇ ਆਪਣੀਆਂ ਮੰਗਾਂ ਉਠਾਈਆਂ।ਜਿਸ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਹੋਣ ਤੋਂ ਰੋਕਣ ਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਪੁਲੀਸ ਪਾਰਟੀ ਵੀ ਉੱਥੇ ਪਹੁੰਚ ਗਈ।