ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮੁਹਾਲੀ ਵਿੱਚ ਹੋਏ ਆਰਪੀਜੀ ਹਮਲੇ ਦੇ ਮੁੱਖ ਮੁਲਜ਼ਮ ਮੰਨਿਆ ਗਿਆ ਦੀਪਕ ਰੰਗਾ ਹੁਣ ਮੁਹਾਲੀ ਪੁਲਿਸ ਦੀ ਗ੍ਰਿਫਤ ਵਿੱਚ ਹੈ । ਇਸ ਨੂੰ ਐਨਆਈਏ ਨੇ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ।
ਉਸ ਨੂੰ ਹੁਣ ਪ੍ਰੋਡਕਸ਼ਨ ਵਾਰੰਟ ‘ਤੇ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਇਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੰਜਾਬ ਪੁਲਿਸ ਹੁਣ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਹੋਰ ਪੁੱਛਗਿੱਛ ਕਰੇਗੀ ,ਜਿਸ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ । ਇਸ ਮੁਲਜ਼ਮ ਬਾਰੇ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਦੇ ਕਈ ਕਥਿਤ ਅੰਤਰਾਸ਼ਟਰੀ ਅਪਰਾਧੀਆਂ ਨਾਲ ਸੰਬੰਧ ਹਨ।
ਦੀਪਕ ‘ਤੇ ਇਹ ਇਲਜ਼ਾਮ ਹੈ ਕਿ ਉਸ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਇੰਟੈਲੀਜੈਂਸ ਬਿਊਰੋ,ਮੁਹਾਲੀ ਦੀ ਇਮਾਰਤ ‘ਤੇ ਹਮਲੇ ਨੂੰ ਅੰਜਾਮ ਦਿੱਤਾ ਸੀ ਤੇ ਉਸ ਤੋਂ ਬਾਅਦ ਇਹ ਫਰਾਰ ਹੋ ਗਿਆ ਸੀ ਤੇ ਨੇਪਾਲ ਭੱਜ ਗਿਆ।ਇਸ ਦੌਰਾਨ ਐਨਆਈਏ ਨੂੰ ਇਸ ਦੇ ਗੋਰਖਪੁਰ,ਉੱਤਰ ਪ੍ਰਦੇਸ਼ ਵਿੱਚ ਹੋਣ ਦੀ ਖ਼ਬਰ ਮਿਲੀ ਤੇ ਇਸ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਗਿਆ ਹੁਣ ਪੰਜਾਬ ਪੁਲਿਸ ਇਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲੈ ਕੇ ਆਈ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦੀਪਕ ਰੰਗਾ ਦੇ ਸਾਥੀ ਮੰਨੇ ਜਾ ਰਹੇ ਦਿਵਯਾਂਸ਼ੂ ਉਰਫ਼ ਗੁੱਡੂ ਨਾਂ ਦੇ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ 9 ਮਈ 2022 ਨੂੰ ਆਰਪੀਜੀ ਹਮਲਾ ਹੋਇਆ ਸੀ। ਜਿਸ ਵਿੱਚ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਹੋਣ ਤੋਂ ਤਾਂ ਭਾਵੇਂ ਬਚਾਅ ਹੋ ਗਿਆ ਸੀ ਪਰ ਇਸ ਘਟਨਾ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਬਹਾਲੀ ‘ਤੇ ਸਵਾਲ ਖੜੇ ਕਰ ਦਿੱਤੇ ਸੀ।