ਸਿ਼ਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਇਨਸਾਫ਼ ਲਈ ਪੀੜਤ ਪਰਿਵਾਰ ਚੰਡੀਗੜ੍ਹ ਵਿਖੇ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ। ਪੀੜਤ ਪਰਿਵਾਰ ਨੇ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਰਾਜਪਾਲ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਪਰਿਵਾਰ ਨੇ ਪੱਤਰ ਵਿੱਚ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਅਜੇ ਤੱਕ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਜਾਂਚ ਪੂਰੀ ਨਹੀਂ ਕੀਤੀ ਹੈ।
ਰਾਜਪਾਲ ਪੁਰੋਹਿਤ ਨੂੰ ਸੁਧੀਰ ਸੂਰੀ ਦਾ ਭਰਾ ਅਤੇ ਪੁੱਤਰਾਂ ਨੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਇਨਸਾਫ਼ ਨਾ ਮਿਲਣ ਦਾ ਦੋਸ਼ ਲਾਇਆ। ਪਰਿਵਾਰ ਨੇ ਰਾਜਪਾਲ ਤੋਂ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਐਸਆਈਟੀ ਬਣਾਉਣ ਦੀ ਮੰਗ ਵੀ ਕੀਤੀ। ਸੁਧੀਰ ਸੂਰੀ ਦੇ ਪਰਿਵਾਰ ਨੇ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਮਿਲਣ ਲਈ ਸਮਾਂ ਦੇ ਰਹੇ ਹਨ ਅਤੇ ਨਾ ਹੀ ਪੁਲਿਸ ਨੇ ਸੁਧੀਰ ਸੂਰੀ ਮਾਮਲੇ ਦੀ ਜਾਂਚ ਪੂਰਬੀ ਕੀਤੀ ਹੈ।
ਦੱਸ ਦੇਈਏ ਕਿ 4 ਨਵੰਬਰ 2022 ਨੂੰ ਅੰਮ੍ਰਿਤਸਰ ‘ਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਗੋਪਾਲ ਮੰਦਰ ਦੇ ਬਾਹਰ ਧਰਨੇ ‘ਤੇ ਬੈਠੇ ਸਨ। ਉਦੋਂ ਹੀ ਸਿੱਖ ਨੌਜਵਾਨ ਸੰਦੀਪ ਸਿੰਘ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ।
ਸੁਧੀਰ ਸੂਰੀ ਹਮੇਸ਼ਾ ਆਪਣੇ ਬਿਆਨ ਨਾਲ ਵਿਵਾਦ ਵਿੱਚ ਰਹਿੰਦੇ ਸਨ । ਭਾਵੇਂ ਉਹ ਸਿੱਖ ਭਾਈਚਾਰੇ ਖਿਲਾਫ਼ ਕੀਤੀਆਂ ਟਿਪਣੀਆਂ ਹੋਣ ਜਾਂ ਫਿਰ ਮਹਿਲਾਵਾਂ ਅਤੇ ਦਲਿਤ ਭਾਈਚਾਰੇ ‘ਤੇ ਵੀਡੀਓ ਬਣਾ ਕੇ ਅਪਮਾਨਜਨਕ ਸ਼ਬਦਾਵਲੀ ਬਿਆਨ ਜਾਰੀ ਕਰਨ ਦਾ ਮਾਮਲਾ ਹੋਏ । ਇੰਨਾਂ ਸਾਰੇ ਮਾਮਲਿਆਂ ਵਿੱਚ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਸਨ ।
ਪੰਜਾਬ ਪੁਲਿਸ ਨੇ ਪਿਛਲੇ ਮਹੀਨੇ 23 ਅਕਤੂਬਰ ਨੂੰ ਕੁਝ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿੰਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਸੁਧੀਰ ਸੂਰੀ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ ।