Punjab

‘ਸਿਮਰਨ’ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ! ਰਾਤ 9 ਤੋਂ 10 ਵਜੇ ਨੇ ਜ਼ਿੰਦਗੀ ਦੇ ਸਾਹਾਂ ਨੂੰ ਖ਼ਤਮ ਕਰ ਦਿੱਤਾ !

ਬਿਉਰੋ ਰਿਪੋਰਟ : ਲੁਧਿਆਣਾ ਦੀ 27 ਸਾਲਾ ਸ਼ੀਨਮ ਉਰਫ ਸਿਮਰਨ ਦਾ ਵਿਆਹ 14 ਅਗਸਤ 2022 ਨੂੰ ਹਰਿਆਣਾ ਦੇ ਰਤਿਆ ਦੇ ਨਿਤਿਨ ਮੋਦੀ ਦੇ ਨਾਲ ਹੋਇਆ ਸੀ । ਪਰ ਹੁਣ ਸਿਮਰਨ ਦੇ ਫਾਹਾ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਪਰਿਵਾਰ ਹੁਣ ਵੀ ਇਹ ਯਕੀਨ ਕਰਨ ਨੂੰ ਤਿਆਰ ਨਹੀਂ ਹੈ ਕਿ ਸਿਮਰਨ ਖੁਦਕੁਸ਼ੀ ਕਰ ਸਕਦੀ ਹੈ । ਉਹ ਵਾਰ-ਵਾਰ ਇਹ ਦਾਅਵਾ ਕਰ ਰਹੇ ਹਨ ਕਿ ਪਤੀ ਨਿਤਿਨ ਅਤੇ ਉਸ ਦੇ ਘਰ ਵਾਲਿਆ ਨੇ ਦਾਜ ਦੇ ਲਈ ਉਸ ਨੂੰ ਮਾਰ ਦਿੱਤਾ ਹੈ । ਸਿਮਰਨ ਦੀ ਭੈਣ ਨੇ ਦੱਸਿਆ ਕਿ ਰਾਤ ਨੂੰ ਉਸ ਨੂੰ ਪਤੀ ਨਿਤਿਨ ਦੇ ਘਰ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੇ ਸੂਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਰ ਫੋਨ ਕੱਟ ਦਿੱਤਾ । ਸਿਮਰਨ ਦੀ ਭੈਣ ਫੌਰਨ ਰਤਿਆ ਪਹੁੰਚੀ ਤਾਂ ਘਰ ਨੂੰ ਤਾਲਾ ਲੱਗਿਆ ਸੀ। ਭੈਣ ਮਨੀਸ਼ਾ ਪਤੀ ਦੇ ਨਾਲ ਪੁਲਿਸ ਸਟੇਸ਼ਨ ਪਹੁੰਚੀ, ਪੁਲਿਸ ਦੇ ਨਾਲ ਭੈਣ ਜਦੋਂ ਮੁੜ ਤੋਂ ਘਰ ਪਹੁੰਚੀ ਤਾਂ ਤਾਲਾ ਤੋੜਿਆ ਗਿਆ, ਸਿਮਰਨ ਦੀ ਲਾਸ਼ ਲਟਕੀ ਹੋਈ ਸੀ । ਭੈਣ ਮੁਤਾਬਿਕ ਪਿਛਲੇ 6 ਮਹੀਨੇ ਤੋਂ ਸਿਮਰਨ ਪਰੇਸ਼ਾਨ ਸੀ। ਕੁਝ ਹੀ ਦਿਨ ਪਹਿਲਾਂ ਉਸ ਨੇ ਚੋਰੀ ਦੇ ਨਾਲ ਉਸ ਨੂੰ ਸਾਰੀ ਗੱਲ ਦੱਸੀ ਸੀ ।

ਸਿਮਰਨ ਦੇ ਮਨ ਵਿੱਚ 9 ਤੋਂ 10 ਵਜੇ ਦਾ ਖੌਫ

ਪਰਿਵਾਰ ਮੁਤਾਬਿਕ ਸਿਮਰਨ ਦੇ ਵਿਆਹ ਦੇ 6 ਮਹੀਨੇ ਉਸ ਦੇ ਲਈ ਕਿਸੇ ਤਸੀਹੇ ਤੋਂ ਘੱਟ ਨਹੀਂ ਸੀ । ਉਸ ਦੇ ਮਨ ਵਿੱਚ ਰਾਤ 9 ਵਜੇ ਤੋਂ 10 ਵਜੇ ਦੇ ਵਿਚਾਲੇ ਦਾ ਖੌਫ ਇੰਨ੍ਹਾਂ ਜ਼ਿਆਦਾ ਸੀ ਕਿ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ । ਉਸ ਦਾ ਪਤੀ ਨਿਤਿਨ ਮੋਦੀ ਰਾਤ 9 ਵਜੇ ਤੋਂ 10 ਵਜੇ ਦੇ ਵਿਚਾਲੇ ਫੋਨ ਦਾ ਸਪੀਕਰ ਆਨ ਕਰਕੇ ਉਸ ਦੀ ਗੱਲ ਪੇਕੇ ਕਰਵਾਉਂਦਾ ਸੀ । ਤਾਂਕਿ ਪਤਾ ਚੱਲੇ ਕਿ ਉਹ ਪਰਿਵਾਰ ਨਾਲ ਕੀ ਗੱਲ ਕਰ ਰਹੀ ਹੈ ? ਕੋਈ ਸ਼ਿਕਾਇਤ ਤਾਂ ਨਹੀਂ ਕਰ ਰਹੀ ਹੈ ? ਇਸੇ ਲਈ ਕਦੇ ਵੀ ਸਿਮਰਨ ਆਪ ਬੀਤੀ ਪਰਿਵਾਰ ਨੂੰ ਨਹੀਂ ਦੱਸ ਸਕੀ । ਪਤੀ ਨੇ ਸਿਮਰਨ ਨੂੰ ਕੋਈ ਫੋਨ ਵੀ ਲੈਕੇ ਨਹੀਂ ਦਿੱਤਾ ਸੀ ।

ਭੈਣ ਮਨੀਸ਼ਾ ਨੇ ਦੱਸਿਆ ਕਿ ਉਸ ਦੀ ਸੱਸ ਉਸ ਨੂੰ ਬਹੁਤ ਜ਼ਿਆਦਾ ਟਾਰਚਰ ਕਰਦੀ ਸੀ । ਲੋਹੜੀ ਦੇ ਦਿਨ ਉਸ ਨੂੰ ਸਮਾਨ ਨਾ ਦੇਣ ‘ਤੇ ਵੀ ਪਰੇਸ਼ਾਨ ਕੀਤਾ ਗਿਆ । ਮਨੀਸ਼ਾ ਮੁਤਾਬਿਕ ਸ਼ੀਨਮ ਉਰਫ ਸਿਮਰਨ ਨੂੰ ਠੰਢ ਦੇ ਮੌਸਮ ਵਿੱਚ ਗਰਮ ਕੱਪੜੇ ਵੀ ਨਹੀਂ ਦਿੱਤੇ ਗਏ । ਜਦੋਂ ਲੋਹੜੀ ਦੇ ਪ੍ਰੋਗਰਾਮ ਦੌਰਾਨ ਉਸ ਨੇ ਸਿਮਰਨ ਨੂੰ ਗਰਮ ਕੱਪੜੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਲੈਕੇ ਦਿੱਤੇ ਜਾਂਦੇ ਹਨ । ਮ੍ਰਿਤਕਾ ਦੇ ਜੀਜੇ ਨੇ ਦੱਸਿਆ ਕਿ ਸ਼ੀਨਮ ਨੂੰ ਦਾਜ ਦੇ ਲਈ ਪਰੇਸ਼ਾਨ ਕੀਤਾ ਜਾ ਰਿਹਾ ਸੀ । ਵਿਆਹ ਤੋਂ ਬਾਅਦ ਸੋਨਾ ਘੱਟ ਦੇਣ ਦਾ ਤਾਨਾ ਦਿੱਤਾ ਜਾਂਦਾ ਸੀ ਤਾਂ 2 ਮਹੀਨੇ ਬਾਅਦ ਢਾਈ ਕਿਲੋ ਸੋਨਾ ਦਿੱਤਾ ਗਿਆ । ਪਤੀ ਨਿਤਿਨ ਅਕਸਰ ਕਹਿੰਦਾ ਸੀ ਕਿ ਤੂੰ ਸੋਹਣੀ ਨਹੀਂ ਹੈ । ਉਨ੍ਹਾਂ ਨੂੰ ਲੱਗ ਦਾ ਸੀ ਉਹ ਮਜ਼ਾਕ ਕਰ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ 2 ਮਹੀਨੇ ਪਹਿਲਾਂ ਟਾਰਚਰ ਨੂੰ ਲੈਕੇ ਪੰਚਾਇਤ ਵੀ ਹੋਈ ਸੀ ।ਪਰ ਸ਼ੀਨਮ ਦੀ ਮਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਸ ਨੂੰ ਮੁੜ ਤੋਂ ਸਹੁਰੇ ਪਰਿਵਾਰ ਭੇਜ ਦਿੱਤਾ ਗਿਆ ਸੀ । ਪੁਲਿਸ ਨੇ ਪਤੀ ਨਿਤਿਨ ਅਤੇ ਪਰਿਵਾਰ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪਤੀ ਨੂੰ ਹਿਰਾਸਤ ਵਿੱਚ ਲਿਆ

ਪੁਲਿਸ ਨੇ ਸਿਮਰਨ ਦੇ ਪਤੀ ਨਿਤਿਨ ਮੋਦੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਦਕਿ ਪੂਰਾ ਪਰਿਵਾਰ ਗਾਇਬ ਦੱਸਿਆ ਜਾ ਰਿਹਾ ਹੈ । ਪੁਲਿਸ ਸਿਮਰਨ ਦੇ ਪਰਿਵਾਰ ਦੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਦੇ ਲਈ ਸਿਮਰਨ ਦੀ ਲਾਸ਼ ਨੂੰ ਭੇਜ ਦਿੱਤਾ ਗਿਆ ਹੈ । ਰਿਪੋਰਟ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ ।