Punjab

ਸਰਕਾਰ ਦੇ ਹੱਥ ਲੱਗ ਚੁੱਕਾ ਸੀ ‘ਸਿੱਧੂ ਮੂਸੇਵਾਲਾ’ ਦਾ ਇਹ ਗੀਤ’! ‘ਰਿਲੀਜ਼ ਕਰਨ ਤੋਂ ਰੋਕਣਾ ਮੇਰੀ ਗਲਤੀ ਸੀ’!

ਬਿਉਰੋ ਰਿਪੋਰਟ : ਦੀਪ ਸਿੱਧੂ ਦੀ ਪਹਿਲੀ ਬਰਸੀ ‘ਤੇ ਜਗਰਾਓ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਹਕੂਮਤ ਖਿਲਾਫ਼ ਜਿਹੜੇ ਲੋਕ ਸਿਰ ਚੁੱਕ ਦੇ ਹਨ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ ਜਾਂ ਪਿਰ ਐਕਸੀਡੈਂਟ ਕਰਵਾਇਆ ਜਾਂਦਾ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਪਿਤਾ ਬਲਕੌਰ ਸਿੰਘ ਨੇ ਪੁੱਤਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈਕੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ‘SYL’ ਗਾਣੇ ਦੀ ਵਜ੍ਹਾ ਕਰਕੇ ਹੀ ਉਨ੍ਹਾਂ ਦੇ ਪੁੱਤਰ ਨੂੰ ਏਜੰਸੀਆਂ ਨੇ ਟਾਰਗੇਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਆਪ ‘SYL’ ਗਾਣਾ ਰਿਲੀਜ਼ ਕਰਨਾ ਚਾਉਂਦਾ ਸੀ ਪਰ ਉਨ੍ਹਾਂ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਤੂੰ ਪਹਿਲਾਂ ਵਿਆਹ ਕਰਵਾ ਲੈ ਕਿਉਂਕਿ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਤੇਰੀ ਗ੍ਰਿਫਤਾਰੀ ਹੋਵੇ। ਉਸ ਤੋਂ ਬਾਅਦ ਭਾਵੇ ਤੂੰ 4-5 ਮਹੀਨੇ ਅੰਦਰ ਲਾ ਵੀ ਲਵੇਗਾ ਤਾਂ ਉਨ੍ਹਾਂ ਨੂੰ ਦੁੱਖ ਨਹੀਂ ਹੋਵੇਗਾ । ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਹੁਣ ਮਹਿਸੂਸ ਕਰਦਾ ਹਾਂ ਕਿ ਮੇਰਾ ਫੈਸਲਾ ਗਲਤ ਸੀ,ਮੈਨੂੰ ਗਾਣਾ ਰਿਲੀਜ਼ ਕਰਨ ਦੇਣਾ ਚਾਹੀਦਾ ਸੀ ਕਿਉਂਕਿ ਏਜੰਸੀਆਂ ਕੋਲ ਗਾਣਾ ਪਹਿਲਾਂ ਹੀ ਪਹੁੰਚ ਚੁੱਕਾ ਸੀ । ਬਲਕੌਰ ਸਿੰਘ ਦੇ ਬਿਆਨ ਤੋਂ ਸਾਫ ਹੈ ਕਿ ਉਹ ਸਿੱਧੇ ਤੌਰ ‘ਤੇ ਏਜੰਸੀਆਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਜ਼ਿੰਮੇਵਾਰ ਦੱਸ ਰਹੇ ਹਨ । ਸਿਰਫ਼ ਇੰਨ੍ਹਾਂ ਹੀ ਨਹੀਂ ਮੂਸੇਵਾਲਾ ਦੇ ਪਿਤਾ ਵੀ ਦੀਪ ਸਿੱਧੂ ਦੀ ਮੌਤ ਨੂੰ ਦੁਰਘਟਨਾ ਨਹੀਂ ਮਨ ਰਹੇ ਹਨ ਉਨ੍ਹਾਂ ਨੇ ਵੀ ਇਸ ਦੇ ਪਿੱਛੇ ਏਜੰਸੀਆਂ ਦਾ ਹੱਥ ਦੱਸਿਆ ਹੈ । ਜਿਸ ਦਾ ਦਾਅਵਾ ਵਾਰ-ਵਾਰ ਪਰਿਵਾਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਕਰ ਰਹੇ ਹਨ ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸ਼ਾਇਦ ਦਿੱਲੀ ਮੋਰਚਾ ਜਿੱਤਣਾ ਸਾਨੂੰ ਮਹਿੰਗਾ ਪਿਆ । ਪਹਿਲਾਂ ਫਰਵਰੀ ਵਿੱਚ ਦੀਪ ਸਿੱਧੂ ਦੀ ਦੁਰਘਟਨਾ ਕਰਵਾਈ ਗਈ ਫਿਰ ਮਾਰਚ ਵਿੱਚ ਸੰਦੀਪ ਨੰਗਲ ਅੰਬਿਆ ਦਾ ਕਤਲ ਹੋਇਆ ਅਤੇ ਫਿਰ ਮਈ ਵਿੱਚ ਸਿੱਧੂ ਮੂਸੇਵਾਲਾ ਨੂੰ ਗੋਲਿਆਂ ਮਾਰੀਆਂ ਗਈਆਂ । ਉਨ੍ਹਾਂ ਕਿਹਾ ਦੀਪ ਸਿੱਧੂ ਅਮੀਰ ਪਰਿਵਾਰ ਤੋਂ ਸੀ ਪਰ ਜਿਹੜੀ ਆਵਾਜ਼ ਉਸ ਨੇ ਬੁਲੰਦ ਕੀਤੀ ਉਹ ਪੂਰੇ ਪੰਜਾਬ ਦੀ ਆਵਾਜ਼ ਸੀ । ਜਿਹੜਾ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਦਬਾਅ ਲਿਆ ਜਾਂਦਾ ਹੈ । ਇਸ ਮੌਕੇ ਸਿੱਧੂ ਮੂਸੇਵਾਲ ਦੇ ਪਿਤਾ ਨੇ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਪੁੱਤਰ ਦੇ ਅਸਲੀ ਕਾਤਲਾਂ ਨੂੰ ਨਹੀਂ ਫੜਿਆ ਹੈ ਪਰ ਹੁਣ ਉਹ ਪੰਜਾਬ ਦੇ ਹਰ ਸ਼ਹਿਰ ਪਿੰਡ ਉਸੇ ਦੀ ਜੀਪ ‘ਤੇ ਜਾਣਗੇ ਅਤੇ ਲੋਕਾਂ ਨੂੰ ਇਕੱਠਾ ਕਰਕੇ ਸਰਕਾਰ ‘ਤੇ ਇਨਸਾਫ ਦੇ ਲਈ ਦਬਾਅ ਪਾਉਣਗੇ ।