ਜਲੰਧਰ ਸ਼ਹਿਰ ਵਿੱਚ ਸਭ ਕੁਝ ਠੀਕ ਨਹੀਂ ਹੈ। ਜਿਸ ਤਰ੍ਹਾਂ ਅਪਰਾਧਿਕ ਮਾਮਲੇ ਵਧ ਰਹੇ ਹਨ, ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਕਿਧਰੇ ਨਜ਼ਰ ਨਹੀਂ ਆ ਰਹੀ। ਜਲੰਧਰ ਦੇ ਥਾਣਾ 1 ਅਧੀਨ ਆਉਂਦੇ ਖੇਤਰ ਬਲਟਨ ਪਾਰਕ ਦੇ ਪਿਛਲੇ ਪਾਸੇ ਤੜਕਸਾਰ ਤਕਰੀਬਨ 3 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦਾ ਕਤਲ ਕਰ ਦਿੱਤਾ ਗਿਆ। ਜੋ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਗੇਟ ‘ਤੇ ਸਾਈਕਲ ਸਟੈਂਡ ‘ਤੇ ਕਰਿੰਦੇ ਵਜੋਂ ਕੰਮ ਕਰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਬੈਂਕ ਕਾਲੋਨੀ, ਨਜ਼ਦੀਕ ਵੇਰਕਾ ਮਿਲਕ ਪਲਾਂਟ, ਜਲੰਧਰ ਦੇ ਰਹਿਣ ਵਾਲੇ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦੀ ਕੁਝ ਅਣਪਛਾਤੇ ਵਿਅਕਤੀਆਂ ਨਾਲ ਤੜਕਸਾਰ ਝੜਪ ਹੋਈ। ਜਿਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ। ਜਿਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਵੱਲੋਂ ਉਸ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਸਤਨਾਮ ਸਿੰਘ ਸੱਤੇ ਦਾ ਦੋ ਦਿਨ ਪਹਿਲਾਂ ਹੀ ਕੁਝ ਵਿਅਕਤੀਆਂ ਨਾਲ ਝਗੜਾ ਹੋਇਆ ਸੀ। ਪੁਲਿਸ ਉਸ ਝਗੜੇ ‘ਚ ਸ਼ਾਮਲ ਵਿਅਕਤੀਆਂ ਕੋਲੋਂ ਵੀ ਪੁੱਛਗਿਛ ਕਰ ਰਹੀ ਹੈ।
ਕੁਝ ਦਿਨ ਪਹਿਲਾਂ ਵੀ ਪਾਰਕਿੰਗ ਵਿੱਚ ਚੌਕੀਦਾਰ ਨੂੰ ਲੈ ਕੇ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ। ਜਿਸ ਵਿੱਚ ਦੋਵੇਂ ਧੜਿਆਂ ਨੇ ਇੱਕ ਦੂਜੇ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਅੱਜ ਉਸੇ ਵਿਵਾਦ ਦੇ ਚੱਲਦਿਆਂ ਸੱਤਾ ਜੋ ਕਿ ਖੁਦ ਬਦਮਾਸ਼ ਸੀ, ਦਾ ਕਤਲ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਪੁਲਸ ਨੇ ਕੁਝ ਲੋਕਾਂ ਨੂੰ ਘੇਰ ਲਿਆ ਹੈ, ਜਿਨ੍ਹਾਂ ਦਾ ਅਧਿਕਾਰੀਆਂ ਨਾਲ ਝਗੜਾ ਹੋਇਆ ਸੀ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।