ਬਿਉਰੋ ਰਿਪੋਰਟ : ਦਮਦਮੀ ਟਕਸਾਲ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਨੇ ਨਰਜ਼ਬੰਦ ਕਰ ਲਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼ੁੱਕਰਵਾਰ ਨੂੰ ਦਮਦਮੀ ਟਕਸਾਲ ਨੇ ਸੰਭੂ ਬਾਰਡਰ ਤੋਂ ਲੈਕੇ ਸ੍ਰੀ ਹਰਮੰਦਰ ਸਾਹਿਬ ਤੱਕ ਪੈਦਲ ਮਾਰਚ ਕੱਢਣਾ ਸੀ । ਇਸ ਦਾ ਐਲਾਨ ਦਮਦਮੀ ਟਕਸਾਲ ਨਾਲ ਜੁੜੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਕੀਤੀ ਸੀ । ਪਰ ਚੰਡੀਗੜ੍ਹ ਵਿੱਚ ਖਰਾਬ ਹੋਏ ਹਾਲਾਤਾਂ ਦੀ ਵਜ੍ਹਾ ਕਰਕੇ ਪੁਲਿਸ ਨੇ ਪਰਵਾਨਾ ਨੂੰ ਰਾਜਪੁਰਾ ਦੇ ਘਰ ਵਿੱਚ ਨਜ਼ਰ ਬੰਦ ਕਰ ਦਿੱਤਾ। ਪੁਲਿਸ ਨੇ ਰਾਤ ਨੂੰ ਹੀ ਬਰਜਿੰਦਰ ਸਿੰਘ ਪਰਵਾਨਾ ਦੇ ਘਰ ਬਾਹਰ ਜਵਾਨ ਖੜੇ ਕਰ ਦਿੱਤੇ ਸਨ । ਪੁਲਿਸ ਨੇ ਸਾਰੇ ਮੈਂਬਰਾਂ ਦੇ ਫੋਨ ਵੀ ਜ਼ਬਤ ਕਰ ਲਏ ਸਨ । ਤਾਂਕਿ ਪਰਵਾਨਾ ਕੋਈ ਮੈਸੇਜ ਅਤੇ ਫੋਨ ਕਿਸੇ ਨੂੰ ਨਾ ਕਰ ਸਕੇ। ਪਰ ਸਵੇਰ ਵੇਲੇ ਉਨ੍ਹਾਂ ਦੇ ਇੱਕ ਸਾਥੀ ਨੇ ਮੋਬਾਈਲ ਤੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ।
ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਸਰਕਾਰ
ਪਰਵਾਨਾ ਦੇ ਦੋਸਤਾਂ ਨੇ ਮੋਬਾਈਲ ਫੋਨ ਤੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋਕੇ ਕਿਹਾ ਕਿ ਰਾਹੁਲ ਗਾਂਧੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਕੱਢ ਸਕਦਾ ਹੈ। ਉਸ ਨੂੰ ਕੋਈ ਨਹੀਂ ਰੋਕ ਸਕਦਾ ਹੈ,ਸੁਰੱਖਿਆ ਦਿੱਤੀ ਜਾਂਦੀ ਹੈ,ਪਰ ਅਸੀਂ ਮਾਰਚ ਕੱਢ ਦੇ ਹਾਂ ਤਾਂ ਮਾਹੌਲ ਖਰਾਬ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ । ਘਰ ਵਿੱਚ ਨਜ਼ਰ ਬੰਦ ਕਰ ਦਿੱਤਾ ਜਾਂਦਾ ਹੈ। ਬੇਸ਼ਕ ਦੇਸ਼ ਆਜ਼ਾਦ ਹੋ ਗਿਆ ਹੈ ਪਰ ਸਾਨੂੰ ਅੱਜ ਵੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ।
ਪੁਲਿਸ ਦੇ ਅਧਿਕਾਰੀਆਂ ਦਾ ਬਿਆਨ
ਪਰਵਾਨਾ ਨੇ ਆਪਣੇ ਦੋਸਤ ਦੇ ਫੋਨ ਨਾਲ ਆਪਣੇ ਘਰ ਦਾ ਨਜ਼ਾਰਾ ਲਾਈਵ ਹੋਕੇ ਵਿਖਾਇਆ ਅਤੇ ਪੁਲਿਸ ਅਧਿਕਾਰੀਆਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਬਾਹਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਹੈ ? ਕਿਉਂ ਉਨ੍ਹਾਂ ਨੂੰ ਨਜ਼ਰ ਬੰਦ ਕਰਕੇ ਰੱਖਿਆ ਗਿਆ ਹੈ। ਇਸ ‘ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਉਨ੍ਹਾਂ ਨੂੰ ਉੱਤੋਂ ਨਿਰਦੇਸ਼ ਆਏ ਹਨ । ਪੁਲਿਸ ਅਧਿਕਾਰੀਆਂ ਨੇ ਕਿਹਾ 2 ਦਿਨ ਪਹਿਲਾਂ ਚੰਡੀਗੜ੍ਹ ਵਿੱਚ ਮਾਰਚ ਦੌਰਾਨ ਕੁਝ ਸ਼ਰਾਰਤੀ ਲੋਕ ਆ ਗਏ ਸਨ ਜਿਸ ਤੋਂ ਬਾਅਦ ਬਹੁਤ ਹੰਗਾਮਾ ਹੋਇਆ । ਅਸੀਂ ਤੁਹਾਡੇ ਬਾਰੇ ਕੁਝ ਨਹੀਂ ਕਹਿ ਰਹੇ ਹਾਂ। ਪਰ ਹੋ ਸਕਦਾ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਕੁਝ ਸ਼ਰਾਰਤੀ ਅਨਸਰ ਮੁੜ ਤੋਂ ਲਾਮਬੰਦ ਹੋ ਜਾਣ ਅਤੇ ਹਾਲਾਤ ਖਰਾਬ ਹੋ ਜਾਣ।
ਵਿਵਾਦਾਂ ਵਿੱਚ ਰਹਿ ਚੁੱਕੇ ਹਨ ਪਰਵਾਨਾ
ਦਮਦਮੀ ਟਕਸਾਲ ਦੇ ਆਗੂ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ । ਪਰਵਾਨਾ ਪਟਿਆਲਾ ਵਿੱਚ ਹੋਏ ਵਿਵਾਦ ਤੋਂ ਬਾਅਦ ਕਾਫੀ ਚਰਚਾ ਵਿੱਚ ਰਹੇ ਸਨ । ਪਟਿਆਲਾ ਦੇ ਕਾਲੀ ਮੰਦਰ ਦੇ ਕੋਲ 2 ਜਥੇਬੰਦੀਆਂ ਦੇ ਵਿਚਾਲੇ ਪਿਛਲੇ ਸਾਲ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਬਰਜਿੰਦਰ ਸਿੰਘ ਪਰਵਾਨਾ ਦੀ ਗ੍ਰਿਫਤਾਰੀ ਹੋਈ ਸੀ। ਪਰਵਾਨਾ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਵੀ ਡਟੇ ਰਹੇ ਸਨ ।