ਮੁਹਾਲੀ : ਪੰਜਾਬ ਦੇ ਸਾਬਕਾ ਸਰਪੰਚਾਂ ਦੀ ਸ਼ਾਮਤ ਆ ਸਕਦੀ ਹੈ। ਪਿਛਲੇ ਸਮੇਂ ਦੌਰਾਨ ਸਾਬਕਾ ਸਰਪੰਚਾਂ ਵੱਲੋਂ ਕੀਤੀਆਂ ਗਈਆਂ ਵੱਡੀਆਂ ਗੜਬੜੀਆਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਲਗਪਗ ਸੱਤ ਸੌ ਸਾਬਕਾ ਸਰਪੰਚਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਕਰੀਬ ਤੀਹ ਕਰੋੜ ਰੁਪਏ ਦਾ ਚੂਨਾ ਲਾਇਆ ਹੈ, ਜਿਨ੍ਹਾਂ ਬਾਰੇ ਪੰਜਾਬ ਸਰਕਾਰ ਵੱਲੋਂ 15 ਫਰਵਰੀ ਤੱਕ ਰਿਪੋਰਟ ਮੰਗੀ ਗਈ ਹੈ।
ਇਨ੍ਹਾਂ ਸਾਬਕਾ ਸਰਪੰਚਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਕਰੀਬ 30 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਇਨ੍ਹਾਂ ਬਾਰੇ ਹੁਣ ਪੰਜਾਬ ਸਰਕਾਰ ਵੱਲੋਂ 15 ਫਰਵਰੀ ਤੱਕ ਰਿਪੋਰਟ ਮੰਗੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਸਰਪੰਚਾਂ ਖਿਲਾਫ ਸਖਤ ਕਾਰਵਾਈ ਕਰ ਸਕਦੀ ਹੈ। ਇਹ ਰਿਪੋਰਟ ਸਾਹਮਣੇ ਆਉਣ ਮਗਰੋਂ ਸਰਪੰਚਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੜਬੜ ਪੰਚਾਇਤੀ ਰਾਜ ਸੰਸਥਾਵਾਂ ਦੀ ਸਾਲਾਨਾ ਤਕਨੀਕੀ ਨਿਰੀਖਣ ਰਿਪੋਰਟ ਵਿੱਚ ਸਾਹਮਣੇ ਆਈ ਹੈ। ਪੰਚਾਇਤਾਂ, ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦਾ ਅਪਰੈਲ 2016 ਤੋਂ ਮਾਰਚ 2019 ਤੱਕ ਦਾ ਆਡਿਟ ਕੀਤਾ ਗਿਆ ਸੀ, ਜਿਸ ਦੌਰਾਨ ਪੰਚਾਇਤੀ ਅਦਾਰਿਆਂ ਵੱਲੋਂ ਕੀਤੇ ਅਨਿਯਮਿਤ ਖ਼ਰਚਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡਿਵੀਜ਼ਨਲ ਡਿਪਟੀ ਡਾਇਰੈਕਟਰਾਂ ਨੂੰ ਪੱਤਰ ਭੇਜ ਕੇ ਸਬੰਧਤ ਪੰਚਾਇਤਾਂ ’ਤੇ ਉਂਗਲ ਉਠਾਈ ਗਈ ਹੈ ਅਤੇ ਉਨ੍ਹਾਂ ਤੋਂ ਇਸ ਬਾਰੇ ਰਿਪੋਰਟ ਵੀ ਮੰਗੀ ਹੈ।
ਮਾਲੇਰਕੋਟਲਾ ਦੇ ਪਿੰਡ ਫਾਲੰਦ ਕਲਾਂ ਦੀ ਪੰਚਾਇਤ ਨੇ 4.38 ਲੱਖ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੱਟਪੁਰ ਦੀ ਪੰਚਾਇਤ ਨੇ 3.40 ਲੱਖ, ਮਹਿੰਦੀਪੁਰ ਪੰਚਾਇਤ ਨੇ 2.91 ਲੱਖ ਤੇ ਮੋਗਾ ਦੇ ਪਿੰਡ ਭੋਈਪੁਰ ਦੀ ਪੰਚਾਇਤ ਨੇ 4.16 ਲੱਖ ਦਾ ਸਾਮਾਨ ਨਿਯਮਾਂ ਦੀ ਉਲੰਘਣਾ ਕਰਕੇ ਖਰੀਦਿਆ ਸੀ।
ਰਿਪੋਰਟ ਅਨੁਸਾਰ ਪੰਜਾਬ ਦੇ 71 ਪਿੰਡਾਂ ਦੇ ਸਾਬਕਾ ਸਰਪੰਚਾਂ ਨੇ ਨਕਦੀ ਅਤੇ ਬਕਾਏ ਹਾਲੇ ਤੱਕ ਪੰਚਾਇਤ ਮਹਿਕਮੇ ਦੇ ਹਵਾਲੇ ਨਹੀਂ ਕੀਤੇ ਹਨ, ਜਿਨ੍ਹਾਂ ਦੀ ਰਾਸ਼ੀ ਕਰੀਬ ਡੇਢ ਕਰੋੜ ਰੁਪਏ ਬਣਦੀ ਹੈ। ਬਹੁਤੀਆਂ ਥਾਵਾਂ ’ਤੇ ਹੁਣ ਇਹ ਰਾਸ਼ੀ ਵੱਟੇ ਖਾਤੇ ਵੀ ਪਾਈ ਜਾ ਰਹੀ ਹੈ। ਤੂਰ ਬਣਜਾਰਾ ਦੇ ਇੱਕ ਸਾਬਕਾ ਸਰਪੰਚ ਕੋਲ 4.58 ਲੱਖ ਰੁਪਏ ਅਤੇ ਨਡਾਲਾ ਬਲਾਕ ਦੇ ਪਿੰਡ ਅਮਾਮਨਗਰ ਦੇ ਸਰਪੰਚ ਵੱਲ 5.92 ਲੱਖ ਰੁਪਏ ਦੀ ਪੁਰਾਣੀ ਰਕਮ ਖੜ੍ਹੀ ਹੈ। ਸਿੱਧਵਾਂ ਬੇਟ ਬਲਾਕ ਦੇ ਪਿੰਡ ਨਵਾਂ ਗਾਉਂ ਦੀ ਇੱਕ ਮਹਿਲਾ ਸਾਬਕਾ ਸਰਪੰਚ ਵੱਲ 18.56 ਲੱਖ ਰੁਪਏ ਦੀ ਰਾਸ਼ੀ ਬਕਾਇਆ ਖੜ੍ਹੀ ਹੈ। 107 ਗਰਾਮ ਪੰਚਾਇਤਾਂ ਨੇ ਸਮਰੱਥ ਅਥਾਰਿਟੀ ਤੋਂ ਮਨਜ਼ੂਰ ਕੀਤੇ ਅਨੁਮਾਨਾਂ ਤੋਂ ਬਿਨਾਂ ਹੀ ਵੱਖ ਵੱਖ ਕੰਮਾਂ ’ਤੇ 19.63 ਕਰੋੜ ਰੁਪਏ ਦੀ ਰਕਮ ਖ਼ਰਚ ਕਰ ਦਿੱਤੀ ਹੈ।
ਬਲਾਕ ਘਨੌਰ ਦੇ ਪਿੰਡ ਹਰਪਾਲਪੁਰ ’ਚ 53.58 ਲੱਖ ਰੁਪਏ ਦੀ ਲਾਗਤ ਨਾਲ ਬਿਨਾਂ ਅਨੁਮਾਨ ਪਰਵਾਨ ਕਰਾਏ ਕੰਮ ਕਰਾਏ ਗਏ ਸਨ ਤੇ ਇਸੇ ਬਲਾਕ ਦੇ ਪਿੰਡ ਲੋਹਾ ਖੇੜੀ ਦੀ ਪੰਚਾਇਤ ਵੱਲੋਂ 42.26 ਲੱਖ ਦੇ ਕੰਮ ਨਿਯਮਾਂ ਨੂੰ ਉਲੰਘ ਕੇ ਕਰਾਏ ਗਏ ਹਨ। ਜਗਰਾਉਂ ਬਲਾਕ ਦੇ ਪਿੰਡ ਤਾਜਪੁਰ ਵਿੱਚ 56.07 ਲੱਖ ਦੇ ਵਿਕਾਸ ਕੰਮ ਕਰਾਏ ਗਏ, ਜਿਨ੍ਹਾਂ ਦੇ ਅਨੁਮਾਨਾਂ ਦੀ ਸਮਰੱਥ ਅਥਾਰਿਟੀ ਤੋਂ ਪਹਿਲਾਂ ਪਰਵਾਨਗੀ ਨਹੀਂ ਲਈ ਗਈ ਸੀ।
ਸਾਲਾਨਾ ਤਕਨੀਕੀ ਨਿਰੀਖਣ ਰਿਪੋਰਟ ਅਨੁਸਾਰ ਇਨ੍ਹਾਂ ਵਰ੍ਹਿਆਂ ਦੌਰਾਨ 19 ਪੰਚਾਇਤ ਸਮਿਤੀਆਂ ਤੇ 117 ਗਰਾਮ ਪੰਚਾਇਤਾਂ ਨੇ 3.65 ਕਰੋੜ ਰੁਪਏ ਦਾ ਅਨਿਯਮਿਤ ਖਰਚਾ ਕੀਤਾ ਹੈ। ਆਡਿਟ ’ਚ ਪਾਇਆ ਗਿਆ ਕਿ ਇਨ੍ਹਾਂ ਪੰਚਾਇਤਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਰੇਤਾ, ਬਜਰੀ, ਸਟੀਲ, ਟਾਈਲਾਂ, ਸੈਨੇਟਰੀ ਵਸਤਾਂ ਅਤੇ ਬਿਜਲੀ ਵਸਤਾਂ ਆਦਿ ਦੀ ਖਰੀਦ ਬਿਨਾਂ ਕੁਟੇਸ਼ਨਾਂ ਅਤੇ ਬਿਨਾਂ ਟੈਂਡਰਾਂ ਤੋਂ ਕੀਤੀ ਹੈ।