ਚੰਡੀਗੜ੍ਹ : ਹਰਿਆਣਾ-ਦਿੱਲੀ ਸਰਹੱਦ ‘ਤੇ ਸੋਨੀਪਤ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਫਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ 15 ਫਰਵਰੀ ਨੂੰ ਇਕ ਸਾਲ ਪੂਰਾ ਹੋ ਜਾਵੇਗਾ ਪਰ ਉਸਦੀ ਬਰਸੀ ਤੋਂ ਇੱਕ ਹਫ਼ਤਾ ਪਹਿਲਾਂ ਹਾਦਸੇ ਦੇ ਸਮੇਂ ਦੀਪ ਸਿੱਧੂ ਨਾਲ ਕਾਰ ਵਿੱਚ ਮੌਜੂਦ ਉਸਦੀ ਮਹਿਲਾ ਦੋਸਤ ਰੀਨਾ ਰਾਏ ਨੇ ਲਾਈਵ ਹੋ ਕੇ ਕਈ ਖੁਲਾਸੇ ਕੀਤੇ ਹਨ। ਰੀਨਾ ਰਾਏ ਨੇ ਦੀਪ ਸਿੱਧੂ ਦੀ ਪਤਨੀ ਅਤੇ ਪਰਿਵਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ।
ਰੀਨਾ ਰਾਏ ਨੇ ਕਿਹਾ ਕਿ ਜਿਸ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋਈ ਹੈ, ਉਸ ਵਿੱਚ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਨਹੀਂ ਸੀ। ਦੀਪ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਹਾਦਸੇ ਪਿੱਛੇ ਸਾਜ਼ਿਸ਼ ਦਾ ਨਾਂ ਦੇ ਕੇ ਗੁੰਮਰਾਹ ਕੀਤਾ ਗਿਆ ਹੈ। ਹਾਦਸੇ ਸਮੇਂ ਦੀਪ ਸਿੱਧੂ ਨਾਲ ਕਾਰ ‘ਚ ਸਫਰ ਕਰ ਰਹੀ ਰੀਨਾ ਰਾਏ ਨੇ ਦੱਸਿਆ ਕਿ ਦੀਪ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਇਹ ਤੇਜ਼ ਰਫ਼ਤਾਰ ਸੜਕ ਹਾਦਸੇ ਦਾ ਕਾਰਨ ਬਣੀ।
ਰੀਨਾ ਨੇ ਕਿਹਾ ਕਿ ਕਈ ਦਿਨਾਂ ਤੋਂ ਇਹ ਗੱਲ ਜਨਤਕ ਹੋ ਰਹੀ ਸੀ ਕਿ ਸਾਜ਼ਿਸ਼ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਇਸ ਦੀ ਕੋਈ ਜਾਂਚ ਹੀ ਨਹੀਂ ਹੋਈ। ਰੀਨਾ ਨੇ ਦੱਸਿਆ ਕਿ ਉਸ ਨੇ ਇਸ ਹਾਦਸੇ ਬਾਰੇ ਦੀਪ ਦੇ ਭਰਾ ਮਨਦੀਪ ਨੂੰ ਵੀ ਦੱਸਿਆ ਸੀ ਕਿ ਇਹ ਇਕ ਸਾਧਾਰਨ ਹਾਦਸਾ ਸੀ।
ਰੀਨਾ ਰਾਏ ਨੇ ਦੱਸਿਆ ਕਿ ਉਸਦੇ ਦੀਪ ਸਿੱਧੂ ਨਾਲ 2018 ਤੋਂ ਸਬੰਧ ਸੀ। ਦੋਵਾਂ ਦਾ ਵਿਆਹ ਸਤੰਬਰ 2022 ‘ਚ ਹੋਣਾ ਸੀ ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਦੀਪ ਉਸਨੂੰ ਛੱਡ ਕੇ ਚਲਾ ਗਿਆ। ਰੀਨਾ ਨੇ ਦੱਸਿਆ ਕਿ ਦੀਪ ਸਿੱਧੂ 2011 ਤੋਂ ਆਪਣੀ ਪਤਨੀ ਤੋਂ ਵੱਖ ਹੋ ਗਿਆ ਸੀ।
ਸਾਲ 2019 ‘ਚ ਦੋਵਾਂ ਵਿਚਾਲੇ ਵੱਖ ਹੋਣ ਦਾ ਸਮਝੌਤਾ ਵੀ ਹੋਇਆ ਸੀ। ਦੋਵਾਂ ਦੇ ਤਲਾਕ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ ਅਤੇ ਫੈਸਲਾ ਆਉਣਾ ਬਾਕੀ ਸੀ। ਉਸ ਨੇ ਕਿਹਾ ਸੀ ਕਿ ਤਲਾਕ ਤੋਂ ਬਾਅਦ ਉਹ ਵਿਆਹ ਕਰ ਲਵੇਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਸਕਰਨ ਸਿੰਘ ਕਾਹਨਵਾਲਾ ਨੇ ਕਿਹਾ ਕਿ ਦੀਪ ਸਿੱਧੂ ਨੂੰ ਬਦਨਾਮ ਕਰਨ ਦੇ ਲਈ ਰੀਨਾ ਰਾਏ ਦਾ ਇਹ ਬਿਆਨ ਇੱਕ ਕੋਝੀ ਚਾਲ ਹੈ। ਰੀਨਾ ਰਾਏ ਐਕਸੀਡੈਂਟ ਸਮੇਂ ਉਸਦੇ ਨਾਲ ਗੱਡੀ ਵਿੱਚ ਸੀ। ਇਸ ਲਈ ਉਸਨੂੰ ਭੱਜਣਾ ਨਹੀਂ ਚਾਹੀਦਾ ਸੀ, ਬਲਕਿ ਪੁਲਿਸ ਨੂੰ ਬਿਆਨ ਦਿੰਦੀ। ਰੀਨਾ ਰਾਏ ਜੇ ਦੀਪ ਸਿੱਧੂ ਨੂੰ ਪਿਆਰ ਕਰਦੀ ਸੀ ਤਾਂ ਫਿਰ ਉਸਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨਾਲ ਮੁਲਾਕਾਤ ਕਿਉਂ ਨਹੀਂ ਕੀਤੀ। ਰੀਨਾ ਰਾਏ ਦੇ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ ਹਨ।
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਰੀਨਾ ਰਾਏ ਜੇ ਪੰਜਾਬ ਆਉਣਾ ਚਾਹੁੰਦੀ ਹੈ ਤਾਂ ਜੀ ਸਦਕੇ ਆਵੇ। ਐਕਸੀਡੈਂਟ ਨੂੰ ਲੈ ਕੇ ਰੀਨਾ ਰਾਏ ਵੱਲੋਂ ਦਿੱਤੇ ਗਏ ਬਿਆਨ ਬਾਰੇ ਬੋਲਦਿਆਂ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਦੀ ਸ਼ਹਾਦਤ ਹੋਈ ਹੈ, ਇਸ ਬਾਰੇ ਰੀਨਾ ਰਾਏ ਕੀ ਕਹਿੰਦੀ ਹੈ, ਉਸ ਬਾਰੇ ਮੈਂ ਨਹੀਂ ਜਾਣਦਾ। ਦੀਪ ਸਿੱਧੂ ਕੌਮ ਲਈ ਕੰਮ ਕਰਦਿਆਂ ਸਾਡੇ ਤੋਂ ਵਿਛੜਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਹ ਦੀਪ ਸਿੱਧੂ ਦੀ ਸੋਚ ਅੱਗੇ ਲੈ ਕੇ ਚੱਲਣਗੇ ਤਾਂ ਬਹੁਤ ਵਧੀਆ ਗੱਲ ਹੈ।