ਬਟਾਲਾ : ਪੰਜਾਬ ਦੀ ਕਾਨੂੰਨ ਅਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਖੌਫ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸੇ ਦੌਰਾਨ ਲੁੱਟ ਖੋਹ ਦੀ ਇੱਕ ਹੋਰ ਵਾਰਦਾਤ ਬਟਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁਟੇਰਿਆਂ ਨੇ ਘਰ ਵਿੱਚ ਉਸ ਸਮੇ ਇਕੱਲੀ ਔਰਤ ਨੂੰ ਆਪਣਾ ਨਿਸ਼ਾਨਾ ਬਣਾਉਦੇ ਹੋਏ ਘਰ ਅੰਦਰੋਂ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਲੁੱਟ ਲਿਆ।
ਇਸ ਦੌਰਾਨ ਲੁਟੇਰਿਆਂ ਨੇ ਔਰਤ ਨੂੰ ਸਿਰ ਵਿਚ ਸੱਟ ਮਾਰਕੇ ਅਤੇ ਬੈਲਟ ਨਾਲ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਔਰਤ ਦੀ ਜਾਨ ਬਚ ਗਈ। ਪੀੜਤ ਮਹਿਲਾ ਸਮੇਤ ਉਸਦੇ ਪਤੀ ਅਤੇ ਸੱਸ ਨੇ ਦੱਸਿਆ ਕਿ ਦੇਰ ਸ਼ਾਮ ਜਦੋ ਦੀਕਸ਼ਾ ਦੀ ਸੱਸ ਕਾਮਨੀ ਮੰਦਿਰ ਗਈ ਹੋਈ ਸੀ ਤਾਂ ਉਸ ਸਮੇ ਦੀਕਸ਼ਾ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਵਾਪਸ ਲੈਕੇ ਘਰ ਪਹੁੰਚੀ ਤਾਂ ਘਰ ਦਾ ਦਰਵਾਜਾ ਖੜਕਿਆ ਤਾਂ ਜਦੋ ਪੀੜਤਾ ਨੇ ਦਰਵਾਜਾ ਖੋਲਿਆ ਤਾਂ ਸਾਹਮਣੇ ਖੜੇ ਇਕ ਨੌਜਵਾਨ ਨੇ ਕਿਹਾ ਕਿ ਓਹ ਸਰਵਿਸ ਕਰਨ ਆਏ ਹਨ।
ਪੀੜਤਾ ਜਦੋ ਆਪਣਾ ਫੋਨ ਫੜਨ ਲਈ ਪਿੱਛੇ ਮੁੜੀ ਤਾਂ ਉਕਤ ਨੌਜਵਾਨ ਨੇ ਘਰ ਅੰਦਰ ਦਾਖਿਲ ਹੋਕੇ ਉਸ ਦੇ ਸਿਰ ਵਿਚ ਇੱਟ ਮਾਰਕੇ ਉਸਨੂੰ ਜ਼ਖਮੀ ਕਰ ਦਿਤਾ ਅਤੇ ਆਪਣੇ ਬਾਕੀ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਓਹਨਾ ਨੇ ਪੀੜਤਾ ਦੇ ਗੱਲ ਵਿੱਚ ਬੈਲਟ ਪਾ ਕੇ ਗਲਾ ਘੁੱਟ ਕੇ ਆਪਣੇ ਵਲੋਂ ਮਹਿਲਾ ਨੂੰ ਮਾਰ ਮੁਕਾਇਆ ਅਤੇ ਘਰ ਅੰਦਰੋਂ ਅਲਮਾਰੀਆਂ ਵਿਚੋਂ ਨਗਦੀ ਅਤੇ ਲੱਖਾਂ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ।
ਜਦੋ ਪੀੜਤਾਂ ਦੀ ਸੱਸ ਕਾਮਨੀ ਮੰਦਿਰ ਤੋਂ ਘਰੇ ਵਾਪਸ ਆਈ ਤਾਂ ਉਸਨੂੰ ਘਟਨਾ ਬਾਰੇ ਪਤਾ ਚਲਿਆ ਤਾਂ ਉਸਨੇ ਆਪਣੇ ਬੇਟੇ ਅਤੇ ਪੀੜਤਾਂ ਦੇ ਪਤੀ ਸੰਜੀਵ ਨੂੰ ਇਤਲਾਹ ਦਿੱਤੀ। ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿਤੀ ਗਈ ।
ਓਥੇ ਹੀ ਮੁਹੱਲਾ ਵਾਸੀਆ ਦਾ ਕਹਿਣਾ ਸੀ ਕਿ ਬਟਾਲਾ ਅੰਦਰ ਆਏ ਦਿਨ ਹੀ ਐਸੀਆਂ ਵਾਰਦਾਤਾਂ ਨੂੰ ਮਾੜੇ ਅਨਸਰਾਂ ਵਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਵੀ ਅਗਰ ਜਨਤਾ ਸੁਰਖਿਅਤ ਨਹੀਂ ਤਾਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਹਲਾਤ ਕੀ ਬਣਦੇ ਜਾ ਰਹੇ ਹਨ,।ਓਥੇ ਹੀ ਮੌਕੇ ਤੇ ਪਹੁੰਚੇ ਬਟਾਲਾ ਸਿਟੀ ਡੀ ਐਸ ਪੀ ਲਲਿਤ ਕੁਮਾਰ ਦਾ ਕਹਿਣਾ ਸੀ ਕਿ ਜਾਂਚ ਸ਼ੁਰੂ ਕਰ ਦਿਤੀ ਗਈ ਹੈ ।ਪੀੜਤਾ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।