International Punjab

ਸੱਤ ਸਮੁੰਦਰੋਂ ਪਾਰ ਤੋਂ ਆਈਆਂ ਮਾੜੀਆਂ ਖ਼ਬਰਾਂ ਨੇ ਦੋ ਪਰਿਵਾਰਾਂ ਦੇ ਘਰ ਵਿਛਾਏ ਸੱਥਰ

ਕੈਨੇਡਾ : ਸੱਤ ਸਮੁੰਦਰੋਂ ਪਾਰ ਵਿਦੇਸ਼ੀ ਧਰਤੀ ਤੋਂ ਪੰਜਾਬ ਲਈ ਮਾੜੀਆਂ ਖਬਰਾਂ ਆਉਣ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ । ਹੁਣ ਫੇਰ ਕੈਨੇਡਾ ਦੇ ਦੋ ਅਲੱਗ ਅਲੱਗ ਸ਼ਹਿਰਾਂ ਬਰੈਂਪਟਨ ਤੇ ਸਰੀ ਤੋਂ ਦੋ ਦੁੱਖ ਭਰੀਆਂ ਖ਼ਬਰਾਂ ਆਈਆਂ ਹਨ ,ਜਿਸ ਵਿੱਚ ਜਿੱਥੇ ਬਰੈਂਪਟਨ ਗਈ ਇੱਕ 20ਸਾਲਾ ਪੰਜਾਬੀ ਕੁੜੀ ਨੇ ਆਤਮਹੱਤਿਆ ਕਰ ਲਈ,ਉਥੇ ਸਰੀ ਵਿੱਚ ਇੱਕ 19 ਸਾਲਾ ਪੰਜਾਬੀ ਮੁੰਡੇ ਦੀ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਸਿਰਫ ਮਹੀਨਾ ਪਹਿਲਾ ਹੀ ਕੈਨੇਡਾ ਖੁਸ਼ਨੀਤ ਕੌਰ ਇਥੇ ਆ ਕੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ ਤੇ ਤਣਾਅ ਇਸ ਕਦਰ ਉਸ ਤੇ ਹਾਵੀ ਹੋ ਗਿਆ ਕਿ ਹਾਲਾਤਾਂ ਨਾਲ ਲੜਨ ਦੀ ਬਜਾਏ ਉਸ ਨੇ ਖੁਦਕੁਸ਼ੀ ਕਰਨਾ ਸਹੀ ਸਮਝਿਆ। ਖੁਸ਼ਨੀਤ ਕੌਰ ਦਾ ਸੰਬੰਧ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਦੱਸਿਆ ਦਾ ਰਿਹਾ ਹੈ ਤੇ ਉਹ ਕੈਨੇਡਾ ‘ਚ ਬਰੈਂਪਟਨ ‘ਚ ਰਹਿ ਰਹੀ ਸੀ।

ਇਸੇ ਤਰਾਂ ਪਿਛਲੇ ਮਹੀਨੇ ਹੀ ਸਟੱਡੀ ਵੀਜ਼ੇ ’ਤੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਗਏ ਨੌਜਵਾਨ ਦੀ ਮੌਤ ਹੋ ਗਈ ਹੈ। ਪੰਜਾਬ ਦੇ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਵਾਸੀ 19 ਸਾਲਾਂ ਨੌਜਵਾਨ ਗੁਰਜੋਤ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਗੁਰਜੋਤ 26 ਦਿਨਾਂ ਪਹਿਲਾਂ ਹੀ ਕੈਨੇਡਾ ਆਇਆ ਸੀ।

ਦੱਸਣਯੋਗ ਹੈ ਕਿ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਦੇ ਕਿਸਾਨ ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਗੁਰਜੋਤ ਸਿੰਘ ਨੂੰ ਪੜਾਈ ਲਈ ਕੈਨੇਡਾ ਭੇਜਿਆ ਸੀ। ਸਿਰਫ਼ 26 ਦਿਨ ਪਹਿਲਾਂ ਹੀ ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਵਾਲੇ ਇਸ ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਇਕਲੌਤੇ ਪੁੱਤਰ ਦੇ ਮੌਤ ਕਾਰਨ ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਸਮੂਹ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਲਈ ਉਨ੍ਹਾਂ ਦੀ ਮਦਦ ਕਰਨ।