ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸੇ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ । ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਲੋਕਾਂ ਨੇ ਬੜੇ ਹੀ ਚਾਏ ਦੇ ਨਾਲ ਵੋਟਾਂ ਪਾਈਆਂ ਅਤੇ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਪਰ ਅੱਜ ਪੰਜਾਬ ਦੇ ਉਹੀ ਆਮ ਲੋਕ ਇਸ ਸਰਕਾਰ ਤੋਂ ਨਾਖੁਸ਼ ਹਨ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਜੋ ਵਾਅਦੇ ਅਤੇ ਦਾਅਵੇ ਕੀਤੇ ਸਨ ਉਹ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਜਿਸ ਕਾਰਨ ਸੂਬੇ ਦੀ ਜਨਤੀ ਵਿੱਚ ਭਾਰੀ ਰੋਸ ਹੈ।
ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਇੰਡਸਟਰੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਪੰਜਾਬ ਦੀ ਇੰਡਸਟਰੀ ਹੁਣ ਮਾਈਗਰੇਟ ਹੋਣ ਲਈ ਮਜਬੂਰ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਉਸ ਸੂਬੇ ’ਚ ਆਉਂਦੀ ਹੈ ਜਿੱਥੇ ਸ਼ਾਂਤੀ ਹੋਵੇ ਕਾਨੂੰਨ ਵਿਵਸਥਾ ਹੋਵੇ। ਪਰ ਪੰਜਾਬ ’ਚ ਹਾਲਾਤ ਬਹੁਤ ਮਾੜੇ ਹੋਏ ਪਏ ਹਨ। ਪੰਜਾਬ ’ਚ ਬਿਜਲੀ ਦੇ ਹਾਲਾਤ ਮੰਦੇ ਹੋਏ ਪਏ ਹਨ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਹਨ। ਇੰਡਸਟਰੀ ਪਾਲਿਸੀ ’ਚ ਕੋਈ ਇਨਸੈਂਟਿਵ ਨਹੀਂ ਤਾਂ ਨਿਵੇਸ਼ ਕਿਸ ਤਰ੍ਹਾਂ ਹੋਵੇਗਾ।
ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਨੂੰ ਕਿਹਾ ਕਿ ਆਮ ਆਦਮੀ ਕਲੀਨਿਕ ਵੱਡੀ ਠੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੇ ਸੇਵਾ ਕੇਂਦਰ ਬੰਦ ਕਰਕੇ ਆਮ ਆਦਮੀ ਕਲੀਨਿਕ ਬਣਾਉਣ ਦਾ ਸ਼ੋਸ਼ਾ ਛੱਡਿਆ ਹੈ। ਇੱਕ ਕਲੀਨਿਕ ’ਤੇ 20 ਲੱਖ ਰੁਪਏ ਖਰਚ ਕੀਤੇ। ਪੰਜ ਪਿਆਰਿਆਂ ਦੇ ਨਾਂ ’ਤੇ ਬਣੇ ਕਲੀਨਿਕ ’ਤੇ ਸੀਐਮ ਭਗਵੰਤ ਮਾਨ ਦੀ ਫੋਟੋ ਲੱਗੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਫੋਰਲੇਨ ਸੜਕ ਹਰ ਓਵਰ ਬ੍ਰਿਜ ਅਕਾਲੀ ਸਰਕਾਰ ਸਮੇਂ ਬਣੀ ਹੈ।
ਸਿਕਮ ਤੋਂ ਆਈ ਲੜਕੀ ਦੀ ਲੁੱਟਖੋਹ ਦੌਰਾਨ ਹੋਈ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਟੂਰਿਸਟ ਕਿਵੇਂ ਆਉਣਗੇ। ਪੰਜਾਬ ਦੇ ਹਾਲਾਤ ਠੀਕ ਨਹੀਂ ਹਨ।
ਬੰਦੀ ਸਿੰਘਾਂ ਦੀ ਰਿਹਾਈ ‘ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਸਰਕਾਰ ਨੇ ਬੰਦੀ ਸਿੰਘਾਂ ਨੂੰ ਕਦੇ ਵੀ ਇੱਕ ਘੰਟੇ ਦੀ ਵੀ ਪੈਰੋਲ ਨਹੀਂ ਦਿੱਤੀ ਪਰ ਦੂਜੇ ਪਾਸੇ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ।
ਡੇਰਾ ਮੁਖੀ ਦੀ ਪੈਰੋਲ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡੇਰਾ ਮੁਖੀ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਹੈ। ਰਾਜਨੀਤਿਕ ਏਜੰਡਾ ਪੂਰਾ ਕਰਨ ਲਈ ਪੈਰੋਲ ਦਿੱਤੀ ਜਾ ਰਹੀ ਹੈ। ਕਿਸੇ ਵੀ ਪਾਰਟੀ ਨੂੰ ਪੰਜਾਬ ਦੀ ਚਿੰਤਾ ਨਹੀਂ ਹੈ। ਨੈਸ਼ਨਲ ਪਾਰਟੀਆਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ।