ਬਿਊਰੋ ਰਿਪੋਰਟ : ਪੰਜਾਬ ਵਿੱਚ ਰੇਲ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੇਕਰ ਤੁਸੀਂ 29 ਜਨਵਰੀ ਨੂੰ ਸਫਰ ਕਰਨ ਦੀ ਸੋਚ ਰਹੇ ਹੋ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀ ਮੰਗਾ ਨੂੰ ਲੈਕੇ ਰੇਲ ਪਟਰੀਆਂ ‘ਤੇ ਧਰਨੇ ਦਾ ਐਲਾਨ ਕੀਤਾ ਹੈ । 11 ਜ਼ਿਲ੍ਹੇ ਦੀਆਂ 13 ਥਾਵਾਂ ‘ਤੇ ਰੇਲ ਪਟਰੀਆਂ ਦੇ ਪ੍ਰਦਰਸ਼ਨ ਕੀਤਾ ਜਾਵੇਗਾ । ਹਾਲਾਂਕਿ ਪ੍ਰਦਰਸਨ 3 ਘੰਟੇ ਲਈ ਕੀਤਾ ਜਾਵੇਗਾ ਪਰ ਇਸ ਦੌਰਾਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਆਉਣ ਵਾਲੀ ਹੈ । ਹੋ ਸਕਦਾ ਹੈ ਕਈ ਟ੍ਰੇਨਾਂ ਦੇ ਰੂਟ ਡਾਇਵਰਟ ਕੀਤੇ ਜਾਣ ਅਤੇ ਕਈਆਂ ਨੂੰ ਕੈਂਸਲ ਕੀਤਾ ਜਾਵੇ। ਇਸ ਲਈ ਜੇਕਰ ਤੁਸੀਂ ਘਰੋਂ ਨਿਕਲ ਰਹੇ ਹੋ ਤਾਂ ਪੂਰੀ ਜਾਣਕਾਰੀ ਤੋਂ ਬਾਅਦ ਹੀ ਟ੍ਰੇਨ ਦੇ ਸਫਰ ‘ਤੇ ਨਿਕਲੋ । ਜਥੇਬੰਦੀ ਵੱਲੋਂ ਪੰਜਾਬ ਦੇ ਮਾਲਵਾ,ਮਾਝਾ ਅਤੇ ਦੋਆਬਾ ਤਿੰਨਾਂ ਹਿਸਿਆਂ ਨੂੰ ਧਰਨੇ ਦੇ ਲਈ ਵੰਡਿਆ ਹੈ । ਮਾਝੇ ਵਿੱਚ ਅੰਮ੍ਰਿਤਸਰ ਵੱਲੋਂ ਦੇਵੀਦਾਸਪੁਰਾ (ਜੰਡਿਆਲਾ ਗੁਰੂ), ਜ਼ਿਲ੍ਹਾ ਗੁਰਦਾਸਪੁਰ ਵੱਲੋਂ ਬਟਾਲਾ ਰੇਲਵੇ ਸਟੇਸ਼ਨ, ਜ਼ਿਲ੍ਹਾ ਤਰਨਤਾਰਨ ਵੱਲੋਂ ਖਡੂਰ ਸਾਹਿਬ ਸਟੇਸ਼ਨ, ਪੱਟੀ ਸਟੇਸ਼ਨ,ਤਰਨਤਾਰਨ ਰੇਲਵੇ ਸਟੇਸ਼ਨ ‘ਤੇ ਰੇਲਾਂ ਰੋਕ ਦਿੱਤੀਆਂ ਜਾਣਗੀਆ । ਮਾਲਵੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਬਸਤੀ ਟੈਕਾ ਵਾਲੀ, ਗੁਰੂ ਹਰਸਹਾਏ, ਜ਼ਿਲ੍ਹਾ ਮੋਗਾ ਵੱਲੋਂ ਮੋਗਾ ਰੇਲਵੇ ਸਟੇਸ਼ਨ, ਜ਼ਿਲ੍ਹਾ ਮੁਕਤਸਰ ਵੱਲੋਂ ਮਲੋਟ ਰੇਲਵੇ ਸਟੇਸ਼ਨ, ਜ਼ਿਲ੍ਹਾ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਰੇਲਵੇ ਸਟੇਸ਼ਨ, ਜ਼ਿਲ੍ਹਾ ਮਾਨਸਾ ਵੱਲੋਂ ਮਾਨਸਾ ਰੇਲਵੇ ਸਟੇਸ਼ਨ,ਰੂਟ ਤੇ ਕਿਸਾਨ ਪ੍ਰਦਰਸ਼ਨ ਲਈ ਬੈਠਣਗੇ । ਜਦਕਿ ਦੋਆਬੇ ਵਿੱਚ ਜਲੰਧਰ ਅਤੇ ਕਪੂਰਥਲਾ ਵੱਲੋਂ ਜਲੰਧਰ ਕੈਟ ਰੇਲਵੇ ਸਟੇਸ਼ਨ, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਟਾਂਡਾ ਰੇਲਵੇ ਸਟੇਸ਼ਨ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ।
ਕਿਸਾਨਾਂ ਦੀਆਂ ਮੰਗਾਂ
29 ਜਨਵਰੀ 2021 ਨੂੰ ਸਿੰਘੂ ਬਾਰਡਰ ‘ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਤੇ ਆਰ ਐਸ ਐਸ ਦੇ ਗੁੰਡੇ ਅਤੇ ਉਸ ਵੇਲੇ ਭਾਜਪਾ ਦੇ ਮੁੱਖ ਆਗੂ ਅਮਨ ਡਬਾਸ ਤੇ ਪਰਦੀਪ ਖੱਤ੍ਰੀ ਦੀ ਅਗਵਾਈ ਵਿਚ ਹਜ਼ੂਮ ਵੱਲੋਂ ਹਮਲਾ ਕਰਕੇ ਕਿਸਾਨਾਂ ਮਜਦੂਰਾਂ ਨੂੰ ਫੱਟੜ ਕੀਤਾ ਗਿਆ ਸੀ । ਜਥੇਬੰਦੀ ਵੱਲੋਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੱਸਿਆ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਗੁਦਾਸਪੁਰ ਵਿੱਚ ਲਗਾਤਾਰ ਜਾਰੀ ਰਹੇਗਾ ਕਿਉਂਕਿ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇਅ ਅਤੇ ਅੰਮ੍ਰਿਤਸਰ-ਊਨਾ ਹਾਈਵੇ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤੇ ਬਗੈਰ ਜਬਰੀ ਸਰਕਾਰ ਜਮੀਨਾ ਦਾ ਕਬਜ਼ਾ ਲੈਣ ਦੀ ਕੋਸ਼ਿਸ ਕਰ ਰਹੀ ਹੈ । ਇਹ ਪੂਰੀ ਤਰ੍ਹਾਂ ਗੈਰ ਕਨੂੰਨੀ ਤੇ ਗੈਰ ਇਖ਼ਲਾਕੀ ਹੈ। ਉਨ੍ਹਾਂ ਕਿਹਾ ਸਰਕਾਰ ਗੰਨੇ ਦਾ ਤਹਿ ਕੀਤਾ 380 ਰੁਪਏ ਰੇਟ ਦੇਵੇ ਅਤੇ ਜਥੇਬੰਦੀ ਦੀ ਮੰਗ ਹੈ ਕਿ ਮਹਿੰਗਾਈ ਤੇ ਖਰਚਿਆਂ ਦੇ ਚਲਦੇ ਗੰਨੇ ਦਾ ਰੇਟ 500 ਰੁਪਏ ਕੀਤਾ ਜਾਵੇ ਅਤੇ ਗੰਨੇ ਦੀ ਪਿੜਾਈ ਲਈ ਪੂਰੀ ਪਰਚੀ ਵਿਤਰਣ ਕੈਲੰਡਰ ਨੂੰ ਬਗੈਰ ਵਿਤਕਰੇ ਤੋਂ ਲਾਗੂ ਕਰੇ । ਮੋਰਚਿਆਂ ਦੇ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜੇ ਦਿੱਤੇ ਜਾਣ ਦੀ ਮੰਗ ਸਮੇਤ ਸਾਰੀਆਂ ਮੰਗਾਂ ਤੇ ਕੰਮ ਕੀਤਾ ਜਾਵੇ |