‘ਦ ਖ਼ਾਲਸ ਬਿਊਰੋ : ਕਣਕ ਵਿੱਚ ਉੱਗੇ ਗੁੱਲੀਡੰਡੇ ’ਤੇ ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ ਬਾਅਦ ਕਈ ਏਕੜ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ। ਪੀੜਤ ਕਿਸਾਨ ਲਖਵੀਰ ਸਿੰਘ ਵਾਸੀ ਡਗਰੂ ਨੇ ਡਿਪਟੀ ਕਮਿਸ਼ਨਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਸ਼ਿਕਾਇਤ ਦਿੱਤੀ ਹੈ। ਕਿਸਾਨ ਨੇ ਦੱਸਿਆ ਕਿ ਕੋਈ ਰਾਹਤ ਨਾ ਮਿਲਣ ਕਰ ਕੇ ਉਹ ਕਣਕ ਵਾਹੁਣ ਲਈ ਮਜਬੂਰ ਹਨ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਕਿਸਾਨਾਂ ਵੱਲੋਂ ਦਿੱਤੀ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਡੀਲਰ ਵੱਲੋਂ ਵੇਚੇ ਜ਼ਹਿਰ ਅਤੇ ਖੇਤ ਦੀ ਜਾਂਚ ਲਈ ਵਿਭਾਗੀ ਅਧਿਕਾਰੀਆਂ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਪੀੜਤ ਕਿਸਾਨ ਮੁਤਾਬਿਕ ਉਸ ਨੇ 17 ਏਕੜ ਠੇਕੇ ’ਤੇ ਲਈ ਜ਼ਮੀਨ ਸਣੇ ਕੁੱਲ 26 ਏਕੜ ਵਿੱਚ ਕਣਕ ਦੀ ਕਾਸ਼ਤ ਕੀਤੀ ਹੈ। ਫ਼ਸਲ ’ਚ ਨਦੀਨ (ਗੁੱਲੀਡੰਡਾ) ਹੋਣ ਕਰ ਕੇ ਉਸ ਨੇ ਪਿੰਡ ਚੜਿੱਕ ਸਥਿਤ ਪੈਸਟੀਸਾਈਡ ਡੀਲਰ ਕੋਲੋਂ ਨਦੀਨਨਾਸ਼ਕ ਖ਼ਰੀਦੀ ਸੀ। ਉਨ੍ਹਾਂ ਦੱਸਿਆ ਇਸ ਦੇ ਛਿੜਕਾਅ ਤੋਂ ਬਾਅਦ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ। ਛਿੜਕਾਅ ਮਗਰੋਂ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਅਤੇ ਪੀਲੀ ਪੈ ਗਈ ਹੈ। 70 ਫ਼ੀਸਦੀ ਤੋਂ ਵੱਧ ਫ਼ਸਲ ਨੁਕਸਾਨੀ ਜਾ ਚੁੱਕੀ ਹੈ, ਜਿਸ ਕਰ ਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਘਾਟਾ ਪਵੇਗਾ।
ਇਸ ਤੋਂ ਇਲਾਵਾ ਕਈ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਪੀੜਤ ਕਿਸਾਨਾਂ ਮੁਤਾਬਕ ਉਹ ਪਹਿਲਾਂ ਵੀ ਇਸੇ ਪੈਸਟੀਸਾਈਡ ਡੀਲਰ ਤੋਂ ਨਦੀਨਨਾਸ਼ਕ ਜਾਂ ਕੀਟਨਾਸ਼ਕਾਂ ਦੀ ਖ਼ਰੀਦ ਕਰਦੇ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਡੀਲਰ ਕਦੇ ਵੀ ਉਨ੍ਹਾਂ ਨੂੰ ਵੇਚੀ ਗਈ ਜ਼ਹਿਰ ਦਾ ਪੱਕਾ ਬਿਲ ਨਹੀਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਡੀਲਰ ਬਹਾਨੇ ਨਾਲ ਉਨ੍ਹਾਂ ਨੂੰ ਕਥਿਤ ਤੌਰ ਉੱਤੇ ਵੇਚੀ ਦਵਾਈ ਦੇ ਖਾਲੀ ਡੱਬੇ ਵੀ ਚੁੱਕ ਕੇ ਲੈ ਗਿਆ ਹੈ।
ਕਿਸਾਨਾਂ ਨੂੰ ਕੀਟਨਾਸ਼ਕ ਦੀ ਸਪਲਾਈ ਕਰਨ ਵਾਲੇ ਏਜੰਟ ਜਸਵਿੰਦਰ ਸਿੰਘ ਵਾਸੀ ਦੁਸਾਂਝ ਨੇ ਕਿਹਾ ਕਿ ਉਸ ਖ਼ਿਲਾਫ਼ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਪਿੰਡ ਚੜਿੱਕ ਦੇ ਡੀਲਰ ਤੋਂ ਨਦੀਨਨਾਸ਼ਕ ਖ਼ਰੀਦਣ ਦਾ ਗਵਾਹ ਹੈ। ਇਸ ਸਬੰਧੀ ਉਹ ਕਿਸੇ ਵੀ ਅਦਾਲਤ ਵਿੱਚ ਗਵਾਹੀ ਦੇਣ ਲਈ ਤਿਆਰ ਹੈ। ਇਸ ਸਬੰਧੀ ਪੱਖ ਜਾਨਣ ਲਈ ਸਬੰਧਤ ਡੀਲਰ ਨੂੰ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਫੋਨ ਨਹੀਂ ਚੁੱਕਿਆ।