Punjab

ਜ਼ੀਰਾ ਮੋਰਚੇ ਦੀ ਸਟੇਜ਼ ਤੋਂ ਗਰਜੇ ਕਿਸਾਨ ਨੇਤਾ,ਸਰਕਾਰ ਨੂੰ ਦੇ ਦਿੱਤੀ ਸਿੱਧੀ ਚਿਤਾਵਨੀ

ਫਿਰੋਜ਼ਪੁਰ : ਜ਼ੀਰਾ ਫੈਕਟਰੀ ਮੋਰਚਾ ਵਿੱਖੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ) ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਅਨੁਸਾਰ ਅੱਜ ਭਾਰੀ ਇਕੱਠ ਹੋਇਆ ਹੈ। ਮੋਰਚੇ ਦੇ ਅਧੀਨ ਆਉਂਦੀਆਂ ਸਾਰੀਆਂ ਜਥੇਬੰਦੀਆਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੋਰਚੇ ਦੀ ਸਟੇਜ਼ ਤੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮੋਰਚੇ ਨੂੰ ਧੱਕੇ ਨਾਲ ਖਤਮ ਕਰਨ ਦੀ ਸੋਚੇ ਵੀ ਨਾ,ਨਹੀਂ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਜ਼ੀਰਾ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰਾ ਸਹਿਯੋਗ ਮਿਲੇਗਾ। ਉਹਨਾਂ ਇਹ ਵੀ ਦੱਸਿਆ ਹੈ ਕਿ ਮੋਰਚੇ ਦੀ ਹੋਈ ਮੀਟਿੰਗ ਵਿੱਚ ਇਹ ਵੀ ਮਤਾ ਪੁਗਾਇਆ ਗਿਆ ਹੈ ਕਿ ਰਾਜਸਥਾਨ ਤੇ ਹਰਿਆਣਾ ਵੀ ਹੁਣ ਇਸ ਮੋਰਚੇ ਨੂੰ ਸਮਰਥਨ ਕਰਨਗੇ ਤੇ ਜੋ ਵੀ ਕਾਰਵਾਈ ਕਰਨ ਦੀ ਲੋੜ ਪਵੇਗੀ,ਉਹ ਕੀਤੀ ਜਾਵੇਗੀ। ਦਿੱਲੀ ਦੇ ਮੋਰਚੇ ਵਾਂਗੂ ਇਹ ਮੋਰਚਾ ਵੀ ਜਿੱਤਿਆ ਜਾਵੇਗਾ।

ਉਹਨਾਂ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਸੰਨ 2010 ਵਿੱਚ ਪੇਸ਼ ਕੀਤੀ ਗਈ ਰਿਪੋਰਟ ਬਾਰੇ ਪੜਤਾਲ ਕਰਨ ਦਾ ? ਉਲਟਾ ਲੋਕਾਂ ਦੇ ਪੈਸਿਆਂ ਵਿੱਚੋਂ ਇਕੱਠੇ ਕੀਤੇ ਗਏ 20 ਕਰੋੜ ਕਾਰਪੋਰੇਟਰਾਂ ਨੂੰ ਦਿੱਤੇ ਗਏ ਤੇ ਰਹਿੰਦੀ ਕਸਰ ਡੀਸੀ ਨੇ ਲੋਕਾਂ ਨੂੰ ਧਮਕਾ ਕੇ ਪੂਰੀ ਕਰ ਦਿੱਤੀ ਕਿ ਧਰਨਾਕਾਰੀਆਂ ਦੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਜਾਵੇਗਾ। ਪਰ ਡਰਨ ਦੀ ਲੋੜ ਨਹੀਂ ਕਿਉਂਕਿ ਪੰਜਾਬੀ ਪਿੱਛੇ ਹਟਣ ਵਾਲੇ ਨਹੀਂ ਹਨ । ਸਰਕਾਰ ਦੇ ਗਲਤ ਫੈਸਲਿਆਂ ਦਾ ਸਾਹਮਣਾ ਕਰਨ ਨੂੰ ਸਾਰੇ ਤਿਆਰ ਹਨ ਪਰ ਇਹ ਫੈਕਟਰੀ ਨਹੀਂ ਚੱਲਣ ਦਿੱਤੀ ਜਾਵੇਗੀ। ਰਿਪੋਰਟ ਅਤੇ ਫੈਕਟਰੀ ਦੀ ਸਥਾਪਨਾ ਵੇਲੇ ਹੋਈ ਧਾਂਦਲੀ ਦੇ ਆਧਾਰ ‘ਤੇ ਸਰਕਾਰ ਜੁਰਮਾਨੇ ਤੋਂ ਬਚ ਸਕਦੀ ਸੀ ਪਰ ਮਾਨ ਸਰਕਾਰ ਨੇ ਵੀ ਕਾਰਪੋਰੇਟਰਾਂ ਨਾਲ ਯਾਰੀ ਨਿਭਾਈ ਹੈ। ਸਰਕਾਰ ਦੀ ਨੀਅਤ ਮਾੜੀ ਹੈ ,ਇਸ ਲਈ ਸੰਘਰਸ਼ ਕਰਨ ਲਈ ਤਿਆਰ ਰਹਿਣਾ ਪੈਣਾ ਹੈ।

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸੰਨ 2008 ਵਿੱਚ ਬਣੀ ਇੱਕ ਕਮੇਟੀ ਦਾ ਜ਼ਿਕਰ ਕਰਦੇ ਹੋਏ ਰਿਪੋਰਟ ਵੀ ਸਟੇਜ਼ ਤੋਂ ਦਿਖਾਈ ਤੇ ਕਿਹਾ ਕਿ ਇਸ ਕਮੇਟੀ ਦਾ ਨਿਰਮਾਣ ਸਦਨ ਵੱਲੋਂ ਕੀਤਾ ਗਿਆ ਸੀ ਤੇ ਇਸ ਦੀਆਂ ਮੈਂਬਰਾਂ ਨੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੇ ਹੋਰ ਜਾਂਚ ਕਰ ਕੇ ਸੰਨ 2010 ਵਿੱਚ ਇਹ ਰਿਪੋਰਟ ਫੈਕਟਰੀ ਬੰਦ ਕਰਨ ਦੇ ਪੱਖ ਵਿੱਚ ਦਿੱਤੀ ਸੀ ਪਰ ਅੱਜ ਤੱਕ ਇਸ ਰਿਪੋਰਟ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਹੁਣ ਹੋਰ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਜਦੋਂ ਕਿ ਪਹਿਲਾਂ ਬਣਾਈਆਂ ਗਈਆਂ ਕਮੇਟੀਆਂ ਦੀਆਂ ਰਿਪੋਰਟਾਂ ਤੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਉਹਨਾਂ ਅਪੀਲ ਕੀਤੀ ਹੈ ਕਿ ਇਸ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਸਾਰਾ ਪੰਜਾਬ ਸੰਘਰਸ਼ ਕਰਨ ਨੂੰ ਤਿਆਰ ਬੈਠਾ ਹੈ।
ਇਸ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੇ ਮੋਰਚੇ ਤੇ ਆਈ ਸੰਗਤ ਅੱਗੇ ਆਪਣੇ ਵਿਚਾਰ ਰੱਖੇ।
ਸਰਪੰਚ ਗੁਰਮੇਲ ਸਿੰਘ ਨੇ ਵੀ ਸਟੇਜ਼ ਤੋਂ ਲੋਕਾਂ ਦੇ ਮੁਤਾਬਿਕ ਹੁੰਦੇ ਹੋਏ ਪਿਛਲੀ ਵਾਰ ਹੋਏ ਇਕੱਠ ਦੌਰਾਨ ਐਲਾਨੀਆਂ ਗਈਆਂ ਮੰਗਾਂ ਨੂੰ ਦੁਹਰਾਇਆ।