‘ਦ ਖ਼ਾਲਸ ਬਿਊਰੋ:- ਪੰਥਕ ਅਕਾਲੀ ਲਹਿਰ ਦੇ ਮੁਖੀ ਅਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਚੋਰੀ ਹੋਣ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ 267 ਪਾਵਨ ਸਰੂਪਾਂ ਦਾ ਚੋਰੀ ਹੋਣਾ ਕੋਈ ਮਨੁੱਖੀ ਗਲਤੀ ਨਹੀਂ ਹੈ ਅਤੇ ਨਾ ਹੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਣ-ਬੁੱਝ ਕੇ ਕੀਤੀ ਗਈ ਬੇਅਦਬੀ ਹੈ। ਇਨ੍ਹਾਂ ਸਰੂਪਾਂ ਨੂੰ ਕਿਸੇ ਧਿਰ ਨੂੰ ਖੁਸ਼ ਕਰਨ ਲਈ ਗਾਇਬ ਕੀਤਾ ਗਿਆ ਹੈ।
ਉਨ੍ਹਾਂ ਨੇ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆੜ ਹੇਠ ਸਿੱਖ ਕੌਮ ਨੂੰ ਧੋਖਾ ਦੇਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ 3 ਕਮੇਟੀਆਂ ਬਣ ਚੁੱਕੀਆਂ ਹਨ। ਤੀਸਰੀ ਕਮੇਟੀ ਬਣਨ ਤੋਂ ਬਾਅਦ ਇਸ ਕਮੇਟੀ ਨੂੰ ਬੜੇ ਅਜੀਬ ਢੰਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਦੇ ਦਿੱਤਾ ਗਿਆ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੱਜ ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਜਥੇਦਾਰ ਰਣਜੀਤ ਸਿੰਘ ਜੀ ਨੇ ਜਥੇਦਾਰ ਹਰਪ੍ਰੀਤ ਸਿੰਘ ਜੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਬਾਦਲ ਨੂੰ ਬਚਾਉਣ ਲਈ ਉਨ੍ਹਾਂ ਦੇ ਕਿਸੇ ਨਜ਼ਦੀਕੀ ਨੂੰ ਜੱਜ ਨਿਯੁਕਤ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦਾ ਨਤੀਜਾ ਬਹੁਤ ਮਾੜਾ ਆਉਣ ਵਾਲਾ ਹੈ,ਸਿੱਖਾਂ ਨੂੰ ਧੋਖਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ 267 ਸਰੂਪ ਛਾਪ ਕੇ ਬੈਂਡਿੰਗ ਹਾਊਸ,ਤਰਨਤਾਰਨ ਪਹੁੰਚਾ ਦਿੱਤੇ ਗਏ ਹਨ ਅਤੇ ਉੱਥੋਂ ਬੈਂਡਿੰਗ ਹੋ ਕੇ ਇਹ ਸਰੂਪ ਵਾਪਿਸ ਆ ਕੇ ਤਿਆਰ ਹੋ ਗਏ ਹਨ। ਹੁਣ ਉਨ੍ਹਾਂ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ ਕਿ ਸਰੂਪਾਂ ਦੀ ਗਿਣਤੀ ਪੂਰੀ ਹੀ ਸੀ। ਉਹ ਇਹ ਸਾਬਿਤ ਕਰਨਗੇ ਕਿ ਕੋਈ ਸਰੂਪ ਗਾਇਬ ਹੀ ਨਹੀਂ ਹੋਇਆ ਤੇ ਇਸ ਮਾਮਲੇ ਨੂੰ ਖ਼ਤਮ ਕਰਕੇ ਸਿੱਖ ਕੌਮ ਨੂੰ ਧੋਖਾ ਦਿੱਤਾ ਜਾਵੇਗਾ।