ਚੰਡੀਗੜ੍ਹ : ਪਸ਼ੂ ਪਾਲਨ (Dairy farming ) ਦਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਲੋਕਾਂ ਲਈ ਖ਼ੁਸ਼ਖ਼ਬਰੀ ਹੈ। ਪੰਜਾਬ ਡੇਅਰੀ ਵਿਕਾਸ ਬੋਰਡ(Punjab Dairy Development Board) ਵੱਲੋਂ ਦੋ ਅਤੇ ਚਾਰ ਹਫ਼ਤਿਆਂ ਦੀ ਡੇਅਰੀ ਫਾਰਮਿੰਗ ਦੀ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕੋਰਸ ਕਰਨ ਉਪਰੰਤ ਕਿਸਾਨਾਂ ਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਆਓ ਜਾਣਦੇ ਹਾਂ ਸਾਰੀ ਜਾਣਕਾਰੀ। ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋ ਅਤੇ ਚਾਰ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ ਨੌਂ ਜਨਵਰੀ ਤੋਂ ਸ਼ੁਰੂ ਹੋ ਰਹੇ ਹਨ। ਉਨ੍ਹਾਂ ਨੇ ਦ ਖ਼ਾਲਸ ਖੇਤੀ(Khalas Kheti ) ਨਾਲ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ।
ਦੋ ਹਫ਼ਤਿਆਂ ਦੀ ਸਿਖਲਾਈ ਲਈ ਯੋਗਤਾਵਾਂ
ਕੋਈ ਵੀ ਪੇਂਡੂ ਨੌਜਵਾਨ ਲੜਕਾ ਜਾਂ ਲੜਕੀ ਜਿਸ ਦੀ ਉਮਰ 18 ਸਾਲ ਤੋਂ ਲੈ ਕੇ 50 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਪੰਜਬੀ ਪਾਸ ਹੋਵੇ ਅਤੇ ਬੈਂਕ ਗਰੰਟੀ ਅਤੇ ਹਰੇ ਚਾਰੇ ਲਈ ਜ਼ਮੀਨ ਹੋਣਾ ਜ਼ਰੂਰੀ ਹੈ। ਇਸ ਸਿਖਲਾਈ ਕੋਰਸ ਵਿੱਚ ਹਰੇ ਚਾਰੇ ਦੀਆਂ ਕਿਸਮਾਂ ਅਤੇ ਪਸ਼ੂਆਂ ਦੀਆਂ ਨਸਲਾਂ ਅਤੇ ਸ਼ੈੱਡਾਂ ਦੇ ਡਿਜ਼ਾਈਨ ਅਤੇ ਦੁੱਧ ਪਦਾਰਥ ਬਣਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਚਾਰ ਹਫ਼ਤਿਆਂ ਦੀ ਟਰੇਨਿੰਗ ਲਈ ਜ਼ਰੂਰੀ ਸ਼ਰਤਾਂ ਅਤੇ ਯੋਗਤਾ ਬਾਰੇ ਜਾਣਦੇ ਹਾਂ
ਦੂਜੀ ਡੇਅਰੀ ਫਾਰਮਿੰਗ ਦਾ ਸਿਖਲਾਈ ਦਸ ਜਾਂ ਦਸ ਤੋਂ ਵੱਧ ਪਸ਼ੂ ਰੱਖਣ ਵਾਲਿਆਂ ਲਈ ਕਮਰਸ਼ੀਅਲ ਡੇਅਰੀ ਫਾਰਮਿੰਗ ਦਾ ਕੋਰਸ ਹੈ। ਕੋਈ ਵੀ ਪੇਂਡੂ ਨੌਜਵਾਨ ਲੜਕਾ ਜਾਂ ਲੜਕੀ ਜਿਸ ਦੀ ਉਮਰ 18 ਸਾਲ ਤੋਂ ਲੈ ਕੇ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਦਸਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਸਿਖਲਾਈ ਵਿੱਚ ਪਸ਼ੂਆਂ ਨੂੰ ਮੁੱਢਲੀ ਸਹਾਇਤਾ ਅਤੇ ਉਨ੍ਹਾਂ ਦਾ ਗੱਭਣ ਚੈੱਕ ਕਰਨਾ ਅਤੇ ਮਨਸੂਈ ਗਰਭਦਾਨ ਵਰਗੀਆਂ ਪ੍ਰੈਕਟੀਕਲ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।
ਫ਼ੀਸਾਂ ਅਤੇ ਕਲਾਸਾਂ
ਦੋਹਾਂ ਕੋਰਸਾਂ ਲਈ ਹੋਸਟਲ ਦੀ ਸੁਵਿਧਾ ਮੁਫ਼ਤ ਹੈ। ਪਰ ਦੋ ਹਫ਼ਤਿਆਂ ਦੀ ਸਿਖਲਾਈ ਲਈ ਜਨਰਲ ਕੈਟਾਗਰੀ ਦੇ ਸਿੱਖਿਆਰਥੀਆਂ ਤੋਂ ਇੱਕ ਹਜ਼ਾਰ ਰੁਪਏ ਅਤੇ ਐੱਸ ਸੀ ਭਾਈਚਾਰੇ ਲਈ ਸੱਤ ਸੋ ਪੰਜਾਹ ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਚਾਰ ਹਫ਼ਤਿਆਂ ਦੀ ਸਿਖਲਾਈ ਲਈ ਜਨਰਲ ਕੈਟਾਗਰੀ ਦੇ ਸਿੱਖਿਆਰਥੀਆਂ ਤੋਂ ਪੰਜ ਹਜ਼ਾਰ ਰੁਪਏ ਅਤੇ ਐੱਸ ਸੀ ਭਾਈਚਾਰੇ ਤੋਂ ਚਾਰ ਹਜ਼ਾਰ ਰੁਪਿਆ ਲਿਆ ਜਾਂਦਾ ਹੈ। ਪੰਜਾਬ ਵਿੱਚ ਬਣੇ ਨੌਂ ਸਿਖਲਾਈ ਕੇਂਦਰਾਂ ਵਿੱਚ ਹਰ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮ ਦੇ ਸਾਢੇ ਤਿੰਨ ਵਜੇ ਤੱਕ ਲੱਗਣਗੀਆਂ।
ਸਬਸਿਡੀ ਅਤੇ ਬੈਂਕ ਤੋਂ ਕਰਜ਼ਾ ਮਿਲੇਗਾ
ਸਿਖਲਾਈ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਡੇਅਰੀ ਵਿਕਾਸ ਬੋਰਡ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀ ਹੈ। ਕਿੱਤਾ ਸ਼ੁਰੂ ਕਰਨ ਲਈ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਇਸਦੇ ਨਾਲ ਹੀ ਸਿਖਲਾਈ ਹਾਸਲ ਕਰਨ ਵਾਲਿਆਂ ਨੂੰ ਬੈਂਕ ਤੋਂ ਕਰਜ਼ਾ ਲੈਣ ਦੀ ਸਹੂਲਤ ਵੀ ਹੈ।
ਖ਼ਾਸ ਗੱਲ ਇਹ ਹੈ ਕਿ ਇਹ ਸਿਖਲਾਈ ਕੋਰਸ ਪੂਰਾ ਸਾਲ ਚੱਲ ਦੇ ਹਨ। ਦੋ ਹਫ਼ਤਿਆਂ ਦੀ ਸਿਖਲਾਈ ਦੇ ਸਾਲ ਵਿੱਚ 17 ਬੈਚ ਲੱਗਦੇ ਹਨ ਅਤੇ ਚਾਰ ਹਫ਼ਤਿਆਂ ਵਾਲੀ ਸਿਖਲਾਈ ਦੇ ਪੂਰੇ ਸਾਲ ਵਿੱਚ ਪੰਜ ਜਾਂ ਛੇ ਬੈਚ ਚੱਲ ਦੇ ਹਨ। ਵਧੇਰੇ ਜਾਣਕਾਰੀ ਲਈ 0172-2217020 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਡੇਅਰੀ ਵਿਕਾਸ ਬੋਰਡ ਦੀ ਵੈੱਬਸਾਈਟ www.dairydevpunjab.org ਤੋਂ ਪੂਰੀ ਸੂਚਨਾ ਹਾਸਲ ਕੀਤੀ ਜਾ ਸਕਦੀ ਹੈ।