ਦਿੱਲੀ ਕਾਂਝਵਾਲਾ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦਿੱਲੀ ਦੇ ਕਾਂਝਵਾਲਾ ਹਾਦਸੇ ਦੇ ਛੇਵੇਂ ਮੁਲਜ਼ਮ ਆਸ਼ੂਤੋਸ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਛੇਵਾਂ ਵਿਅਕਤੀ ਹੈ। ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਆਸ਼ੂਤੋਸ਼ ਤੋਂ ਕਾਰ ਲਈ ਸੀ। ਵੀਰਵਾਰ ਨੂੰ ਪੁਲਿਸ ਨੇ ਕਿਹਾ ਸੀ ਕਿ ਉਹ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਜੋ ਕਥਿਤ ਤੌਰ ‘ਤੇ ਪੰਜ ਮੁਲਜ਼ਮਾਂ ਨੂੰ ਬਚਾਉਣ ਵਿੱਚ ਸ਼ਾਮਲ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਨਾ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਸਾਰੇ ਮੁਲਜ਼ਮ ਆਸ਼ੂਤੋਸ਼ ਦੀ ਕਾਰ ਹੀ ਲੈ ਗਏ ਸਨ। ਆਸ਼ੂਤੋਸ਼ ‘ਤੇ ਦੋਸ਼ੀਆਂ ਦੀ ਮਦਦ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਿਕ ਘਟਨਾ ਦੇ ਸਮੇਂ ਕਾਰ ਵਿੱਚ ਸਿਰਫ਼ ਚਾਰ ਮੁਲਜ਼ਮ ਹੀ ਸਨ। ਦੀਪਕ ਘਰ ਵਿਚ ਹੀ ਸੀ ਪਰ ਅਮਿਤ ਨੇ ਉਸ ਨੂੰ ਬਾਅਦ ਵਿਚ ਬੁਲਾਇਆ। ਅਮਿਤ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ, ਇਸ ਲਈ ਦੀਪਕ ਨੇ ਇਹ ਜ਼ਿੰਮੇਵਾਰੀ ਲੈ ਲਈ ਕਿ ਉਹ ਕਾਰ ਚਲਾ ਰਿਹਾ ਸੀ ਜਦੋਂਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਘਟਨਾ ਦੇ ਸਮੇਂ ਅਮਿਤ ਹੀ ਕਾਰ ਚਲਾ ਰਿਹਾ ਸੀ।
ਦਸਣਯੋਗ ਹੈ ਕਿ ਨਵੇਂ ਸਾਲ ਦੀ ਰਾਤ ਨੂੰ ਕਾਂਝਵਾਲਾ ਇਲਾਕੇ ‘ਚ ਕਾਰ ‘ਚ ਸਵਾਰ ਲੜਕਿਆਂ ਵੱਲੋਂ ਸਕੂਟੀ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਸੜਕ ‘ਤੇ ਘੜੀਸਿਆ ਗਿਆ ਸੀ। ਇਸ ਘਟਨਾ ਵਿੱਚ ਪੀੜਤ ਲੜਕੀ ਦੀ ਮੌਤ ਹੋ ਗਈ ਸੀ।
ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਮੁਲਜ਼ਮਾਂ ਨੇ ਪਹਿਲਾਂ ਆਪਣੀ ਕਾਰ ਨਾਲ ਲੜਕੀ ਦੀ ਸਕੂਟੀ ਨੂੰ ਟੱਕਰ ਮਾਰੀ ਅਤੇ ਫਿਰ ਉਸ ਨੂੰ ਕਰੀਬ 12 ਕਿਲੋਮੀਟਰ ਤੱਕ ਘੜੀਸ ਕੇ ਲੈ ਗਏ। ਇਸ ਦੌਰਾਨ ਲੜਕੀ ਕਾਰ ‘ਚ ਹੀ ਫਸ ਗਈ। ਇਸ ਘਟਨਾ ਸਬੰਧੀ ਜੋ ਵੀਡੀਓ ਸਾਹਮਣੇ ਆਈ ਸੀ, ਉਸ ਵਿਚ ਲੜਕੀ ਦੀਆਂ ਦੋਵੇਂ ਲੱਤਾਂ, ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ।
ਡੀਸੀਪੀ ਹਰਿੰਦਰ ਕੁਮਾਰ ਸਿੰਘ ਨੇ ਜਾਂਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਮ੍ਰਿਤਕ ਲੜਕੀ ਪਾਰਟੀਆਂ ਵਿੱਚ ਖਾਣਾ ਪਰੋਸਦੀ ਸੀ ਅਤੇ ਸਵੇਰੇ 3 ਵਜੇ ਦੇ ਕਰੀਬ ਕੰਮ ਖਤਮ ਕਰਕੇ ਸਕੂਟੀ ’ਤੇ ਘਰ ਪਰਤ ਰਹੀ ਸੀ। ਇਸੇ ਦੌਰਾਨ ਸਵੇਰੇ 3:24 ਵਜੇ ਥਾਣਾ ਕਾਂਝਵਾਲਾ ਵਿਖੇ ਪੀ.ਸੀ.ਆਰ ਕਾਲ ਆਈ ਕਿ ਇੱਕ ਕਾਰ ਵਿੱਚ ਇੱਕ ਲਾਸ਼ ਲਟਕ ਰਹੀ ਹੈ। ਬਾਅਦ ਵਿੱਚ ਫੋਨ ਕਰਨ ਵਾਲੇ ਨੇ ਗੱਡੀ ਦਾ ਨੰਬਰ ਅਤੇ ਰੰਗ ਵੀ ਦੱਸਿਆ। ਇਸ ਤੋਂ ਬਾਅਦ ਸਵੇਰੇ 4:11 ਵਜੇ ਦੂਜੀ ਪੀਸੀਆਰ ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਕਿ ਲੜਕੀ ਦੀ ਲਾਸ਼ ਸੜਕ ‘ਤੇ ਪਈ ਹੈ। ਹਾਲਾਂਕਿ, ਸਾਡੀ ਟੀਮ ਨੇ ਪਹਿਲੀ ਪੀਸੀਆਰ ਕਾਲ ਮਿਲਣ ਤੋਂ ਬਾਅਦ ਹੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਕੁਝ ਸਮੇਂ ਬਾਅਦ ਪੁਲਿਸ ਨੇ ਕਾਰ ਸਮੇਤ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।