ਬਿਊਰੋ ਰਿਪੋਰਟ : ਮਾਨ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਕਾਫੀ ਚਰਚਾ ਵਿੱਚ ਹੈ । ਹੁਣ ਤੱਕ ਕਈ ਮੰਤਰੀ ਅਤੇ ਸੰਤਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਕਈਆਂ ‘ਤੇ ਨਕੇਲ ਕੱਸਣ ਦੀ ਤਿਆਰੀ ਹੈ । ਅਜਿਹੇ ਵਿੱਚ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਲਈ ਵੀ ਸਰਕਾਰ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ । ਪੰਜਾਬ ਸਰਕਾਰ ਨੇ ਵਿਜੀਲੈਂਸ ਅਫਸਰਾਂ ਦੇ ਜੀਨਸ ਤੇ ਟੀ-ਸ਼ਰਟ ਪਾਉਣ ‘ਤੇ ਪਾਬੰਦੀ ਲਾ ਦਿੱਤੀ ਹੈ । ਪਰ ਇਸ ਵਿੱਚ ਕੁਝ ਅਫਸਰਾਂ ਨੂੰ ਛੋਟ ਦਿੱਤੀ ਗਈ ਹੈ । ਸੂਬਾ ਸਰਕਾਰ ਵੱਲੋਂ ਇਹ ਨਿਰਦੇਸ਼ ਅਫਸਰਾਂ ਖਿਲਾਫ ਮਿਲ ਰਹੀ ਸ਼ਿਕਾਇਤ ਤੋਂ ਬਾਅਦ ਦਿੱਤੇ ਗਏ ਹਨ ।
ਇਨ੍ਹਾਂ ਅਧਿਕਾਰੀਆਂ ‘ਤੇ ਲਾਗੂ ਹੋਣਗੇ ਨਿਰਦੇਸ਼
ਸਰਕਾਰ ਨੇ ਜਿੰਨਾਂ ਵਿਜੀਲੈਂਸ ਅਧਿਕਾਰੀਆਂ ‘ਤੇ ਜੀਨਸ ਤੇ ਟੀ-ਸ਼ਰਟ ਪਾਉਣ ਦੀ ਪਾਬੰਦੀ ਲਗਾਈ ਗਈ ਹੈ ਉਹ ਦਫ਼ਤਰ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਹਨ । ਇਨ੍ਹਾਂ ਨੂੰ ਹੁਣ ਫਾਰਮਲ ਡਲੈਸ ਵਿੱਚ ਆਉਣਾ ਹੋਵੇਗਾ । ਜਦਕਿ ਫੀਲਡ ਦੇ ਅਧਿਕਾਰੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਨੂੰ ਮੌਕੇ ‘ਤੇ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੀ ਪਛਾਣ ਲੁੱਕਾ ਕੇ ਰੱਖਣੀ ਪੈਂਦੀ ਹੈ । ਯਾਨੀ ਦਫਤਰ ਵਿੱਚ ਕੰਮ ਕਰਨ ਵਾਲੇ ਸਾਰੇ ਅਧਿਕਾਰੀ ਹੁਣ ਪੈਂਟ ਸ਼ਰਟ,ਬਲੇਜ਼ਰ,ਕੋਟ ਵਿੱਚ ਵਿਖਾਈ ਦੇਣਗੇ । ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਵਿਜੀਲੈਂਸ ਦੇ ਅਧਿਕਾਰੀ ਦਫਤਰਾਂ ਵਿੱਚ ਟੀ-ਸ਼ਰਟ ਅਤੇ ਜੀਨਸ ਵਿੱਚ ਨਜ਼ਰ ਆਉਂਦੇ ਹਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਿਯਮ ਕੱਢਿਆ ਗਿਆ ਹੈ ਕਿ ਕੋਈ ਵੀ ਅਧਿਕਾਰੀ ਜੀਨਸ ਅਤੇ ਟੀ-ਸ਼ਰਟ ਵਿੱਚ ਨਜ਼ਰ ਨਹੀਂ ਆਵੇਗਾ ।