ਚੰਡੀਗੜ੍ਹ : ਆਏ ਦਿਨ ਕਈ ਇਸ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਜੋ ਕਿ ਇਨਸਾਨਿਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ । ਇਸੇ ਤਰ੍ਹਾਂ ਦਾ ਮਾਮਲਾ ਜਿੱਥੇ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 26 ਸਾਲਾ ਕੁੜੀ ਨਾਲ ਚੰਡੀਗੜ੍ਹ ਵਿੱਚ ਜ਼ਬਰ-ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਕੁੜੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ । ਪੁਲਿਸ ਨੇ ਜ਼ਬਰ-ਜਨਾਹ ਦੇ ਇੱਕ ਦੋਸ਼ੀ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ । ਉੱਥੇ ਹੀ ਦੂਜਾ ਮੁਲਜ਼ਮ ਸੰਨੀ ਫ਼ਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਪੀੜਤਾ ਸ਼ਿਮਲਾ ਦੀ ਰਹਿਣ ਵਾਲੀ ਹੈ ਅਤੇ ਉਸ ਨਾਲ 4 ਦਿਨਾਂ ਤੱਕ ਜ਼ਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਪੀੜਤਾ ਨੂੰ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ । ਉਹ ਕਿਸੇ ਤਰ੍ਹਾਂ ਮੁਲਜ਼ਮਾਂ ਦੀ ਕੈਦ ਤੋਂ ਬਚ ਕੇ ਪੁਲਿਸ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ । ਪੀੜਤਾ ਨੇ ਪੁਲਿਸ ਨੂੰ ਉਸ ਘਰ ਬਾਰੇ ਜਾਣਕਾਰੀ ਦਿੱਤੀ ਜਿੱਥੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਪਰਵਿੰਦਰ ਨੂੰ ਫੜ ਲਿਆ ਗਿਆ।
ਅਦਾਲਤ ‘ਚ ਦੱਸੀ ਸਾਰੀ ਸੱਚਾਈ
ਪੀੜਤਾ ਦੇ ਬਿਆਨ ਡਿਊਟੀ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਏ ਗਏ ਹਨ। ਮੁਲਜ਼ਮ ਪਰਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਦੋਵੇਂ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਹਨ। ਪੀੜਤਾ ਅਨੁਸਾਰ ਸੰਨੀ ਨੇ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਦੋਵੇਂ ਮੁਲਜ਼ਮ ਵਾਰੀ-ਵਾਰੀ ਪੀੜਤਾ ਨੂੰ ਬੰਨ੍ਹ ਕੇ ਬਲਾਤਕਾਰ ਕਰਦੇ ਰਹੇ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
ਨੌਕਰੀ ਲਈ ਮੋਹਾਲੀ ਆਈ ਸੀ
ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਦੇ ਨਾਲ ਆਈਆਂ ਲੜਕੀਆਂ ਨੌਕਰੀ ਲਈ ਮੁਹਾਲੀ ਆਈਆਂ ਸਨ ਅਤੇ ਮੁਹਾਲੀ ਵਿੱਚ ਹੀ ਕਿਰਾਏ ’ਤੇ ਰਹਿ ਰਹੀਆਂ ਸਨ। ਪੀੜਤਾ ਇਕ ਮਹੀਨਾ ਪਹਿਲਾਂ ਮੋਹਾਲੀ ਦੇ ਸ਼ਾਹੀਮਾਜਰਾ ‘ਚ ਆਪਣੇ ਦੋਸਤ ਨਾਲ ਰਹਿਣ ਲੱਗੀ ਸੀ। ਫਰਾਰ ਮੁਲਜ਼ਮ ਸੰਨੀ ਨੇ ਪੀੜਤਾ ਨੂੰ ਦੋਸਤੀ ਦੇ ਜਾਲ ਵਿੱਚ ਫਸਾ ਲਿਆ। ਉਹ ਉਸ ਨਾਲ ਸੰਪਰਕ ਵਿੱਚ ਰਿਹਾ।
ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸੰਨੀ 4 ਦਿਨ ਪਹਿਲਾਂ ਮੁਲਜ਼ਮ ਪੀੜਤ ਨੂੰ ਘੁਮਾਉਣ ਦੇ ਬਹਾਨੇ ਲੈ ਗਿਆ ਤੇ ਬਹਿਲਾ-ਫੁਸਲਾ ਕੇ ਕਿਸੇ ਮਕਾਨ ਵਿੱਚ ਲੈ ਗਿਆ। ਜਿੱਥੇ ਉਸਨੇ ਆਪਣੇ ਦੋਸਤ ਨਾਲ ਮਿਲ ਕੇ ਪੀੜਤ ਨੂੰ ਬੰਧਕ ਬਣਾ ਲਿਆ ਤੇ ਦੋਹਾਂ ਨੇ ਉਸਦੇ ਨਾਲ ਜ਼ਬਰ-ਜਨਾਹ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਕਮਰਾ ਪਰਵਿੰਦਰ ਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ13 ਦਸੰਬਰ ਨੂੰ ਮੋਹਾਲੀ ਵਿੱਚ ਇੱਕ ਆਟੋ ਚਾਲਕ ਵੱਲੋਂ ਆਪਣੇ ਸਾਥੀ ਨਾਲ ਇੱਕ ਕੁੜੀ ਨਾਲ ਛੇੜਖਾਨੀ ਕਰਨ ਦੀ ਹਰਕਤ ਸਾਹਮਣੇ ਆਈ ਸੀ । ਮੁਹਾਲੀ ਦੇ ਟਰੈਫ਼ਿਕ ਲਾਈਟ ਪੁਆਂਇੰਟ ਫੇਜ਼-6 ਤੋਂ ਆਟੋ ਵਿੱਚ ਸਵਾਰ ਹੋ ਕੇ ਜਾ ਰਹੀ ਮੁਟਿਆਰ ਨਾਲ ਆਟੋ ਚਾਲਕ ਅਤੇ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨਾਲ ਮਿਲ ਕੇ ਛੇੜਛਾੜ ਅਤੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਸ਼ਿਕਾਇਤ ਮਿਲਣ ’ਤੇ ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ ਮਲਕੀਤ ਸਿੰਘ ਉਰਫ਼ ਬੰਟੀ ਵਾਸੀ ਪਿੰਡ ਰਡਿਆਲਾ (ਖਰੜ) ਹਾਲ ਵਾਸੀ ਨੇੜੇ ਸਟੇਡੀਅਮ ਕੁਰਾਲੀ ਅਤੇ ਮਨਮੋਹਨ ਸਿੰਘ ਉਰਫ਼ ਮਨੀ ਵਾਸੀ ਪਿੰਡ ਸਿੰਘਪੁਰਾ (ਕੁਰਾਲੀ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਅਪਰਾਧ ਲਈ ਵਰਤਿਆ ਆਟੋ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਪੁਲਿਸ ਨੇ 12 ਘੰਟਿਆਂ ਦੇ ਅੰਦਰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।