ਲੁਧਿਆਣਾ : ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਕੰਮ ਕਰਨ ਦੀ ਬਜਾਏ ਚੋਰੀਆਂ ਕਰਨ ਵਿੱਚ ਜ਼ਿਆਦਾ ਆਕਰਸ਼ਿਤ ਹੁੰਦੀ ਵਿਖਾਈ ਦੇ ਰਹੀ ਹੈ। ਇਨ੍ਹਾਂ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਦੀ ਬਾਈਕ ਚੋਰੀ ਕਰ ਲਈ ਹੈ। ਇਸ ਤੋਂ ਸਾਫ਼ ਹੈ ਕਿ ਜੇਕਰ ਪੁਲਿਸ ਅਧਿਕਾਰੀਆਂ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਆਮ ਲੋਕਾਂ ਦਾ ਕੀ ਬਣੇਗਾ।
ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਐਡੀਸ਼ਨਲ ਐਸ.ਐਚ.ਓ. ਦਾ ਸਤਿਲੁਜ ਕਲੱਬ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ ਹੈ। ਪੁਲਿਸ ਅਧਿਕਾਰੀ ਦੀ ਕਲੱਬ ਦੀ ਚੋਣ ਵਿੱਚ ਡਿਊਟੀ ਲੱਗੀ ਸੀ। ਜਦੋਂ ਡਿਊਟੀ ਖਤਮ ਕਰਕੇ ਉਹ ਬਾਹਰ ਆਇਆ ਤਾਂ ਮੋਟਰਸਾਈਕਲ ਨਾ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ। ਐਡੀਸ਼ਨਲ ਐਸ.ਐਚ.ਓ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਹੈ।
ਉਨ੍ਹਾਂ ਨੇ ਬਾਈਕ ਦੀ ਕਾਫੀ ਭਾਲ ਕੀਤੀ ਪਰ ਕਿਤੇ ਵੀ ਕੁਝ ਨਹੀਂ ਮਿਲਿਆ। ਜਿਸ ਤੋਂ ਬਾਅਦ ਐਸ.ਐਚ.ਓ. ਨੇ ਚੌਕੀ ਕੈਲਾਸ਼ ਨਗਰ ਨੂੰ ਫੋਨ ਕਰਕੇ ਮੁਨਸ਼ੀ ਨੂੰ ਦੱਸਿਆ ਕਿ ਸਤਲੁਜ ਕਲੱਬ ਦੇ ਬਾਹਰੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਹੁਣ ਉਸ ਨੂੰ ਆਪਣੀ ਬਾਈਕ ਚੋਰੀ ਹੋਣ ਦੀ ਸ਼ਿਕਾਇਤ ਖੁਦ ਲਿਖਣੀ ਪਵੇਗੀ।
ਕੈਲਾਸ਼ ਚੌਂਕੀ ਵਿਖੇ ਤਾਇਨਾਤ ਐਡੀਸ਼ਨਲ ਐਸ.ਐਚ.ਓ ਗੁਰਦੇਵ ਸਿੰਘ ਨੇ ਦੱਸਿਆ ਕਿ 8 ਵਜੇ ਉਹ ਚੋਣ ਡਿਊਟੀ ਕਰਨ ਗਿਆ ਸੀ। ਇਸ ਦੌਰਾਨ ਕੋਈ ਬਾਹਰੋਂ ਬਾਈਕ ਲੈ ਗਿਆ ਪਰ ਵਾਪਸ ਆ ਕੇ ਦੇਖਿਆ ਕਿ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਆਸਪਾਸ ਦੇ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੌਕੀ ਵਿੱਚ ਮੁਨਸ਼ੀ ਨੂੰ ਦੱਸਿਆ ਹੈ। ਹੁਣ ਉਹ ਖੁਦ ਹੀ ਬਾਈਕ ਚੋਰੀ ਦੀ ਸ਼ਿਕਾਇਤ ਲਿਖਣਗੇ। ਉਸ ਨੇ ਦੱਸਿਆ ਕਿ ਉਸ ਦੇ ਮੋਟਰਸਾਈਕਲ ਦਾ ਨੰਬਰ 1226 ਹੈ।
ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਬਾਈਕ ਚੋਰੀ ਕੋਈ ਨਵੀਂ ਗੱਲ ਨਹੀਂ ਹੈ। ਹਰ ਰੋਜ਼ ਇੱਥੋਂ ਬਾਈਕ ਚੋਰੀ ਹੋ ਜਾਂਦੀ ਹੈ। ਕਈ ਵਾਰ ਪੁਲਿਸ ਮੁਲਾਜ਼ਮ ਵੀ ਗਸ਼ਤ ਕਰਦੇ ਹਨ, ਪਰ ਫਿਰ ਵੀ ਲੋਕਾਂ ਦੇ ਮੋਟਰਸਾਈਕਲ ਰੋਜ਼ਾਨਾ ਚੋਰੀ ਹੋ ਜਾਂਦੇ ਹਨ। ਪੁਲਿਸ ਦੀ ਢਿੱਲੀ ਕਾਰਜਸ਼ੈਲੀ ਕਾਰਨ ਰੱਖ ਬਾਗ ਦੇ ਬਾਹਰੋਂ ਵਾਹਨ ਚੋਰੀ ਵਰਗੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ। ਸਤਲੁਜ ਕਲੱਬ ਦੇ ਪੰਕਜ ਨੇ ਦੱਸਿਆ ਕਿ ਹਰ ਰੋਜ਼ ਸਾਈਕਲ ਚੋਰੀ ਹੋ ਰਹੇ ਹਨ। ਅਕਸਰ ਪੁਲਿਸ ਸੀਸੀਟੀਵੀ ਆਦਿ ਚੈੱਕ ਕਰਨ ਆਉਂਦੀ ਰਹਿੰਦੀ ਹੈ।