ਬਿਊਰੋ ਰਿਪੋਰਟ : ਚੋਰਾਂ ਨੇ ਗੱਡੀ ‘ਤੇ ਹੱਥ ਸਾਫ ਕਰਨ ਦਾ ਆਪਣਾ ਪੈਟਰਨ ਬਦਲ ਦਿੱਤਾ ਹੈ । ਪਹਿਲਾਂ ਚੋਰ ਪੂਰੀ ਗੱਡੀ ‘ਤੇ ਹੱਥ ਸਾਫ ਕਰਦੇ ਸਨ ਹੁਣ ਉਨ੍ਹਾਂ ਦੀ ਨਜ਼ਰ ਨਵੀਂ ਚੀਜ਼ ‘ਤੇ ਜ਼ਿਆਦਾ ਹੈ,ਸ਼ਾਇਦ ਇਸ ਲਈ ਕਿਉਂਕਿ ਇਸ ਦੇ ਬਾਜ਼ਾਰ ਵਿੱਚ ਅਸਾਨੀ ਨਾਲ ਖਰੀਦਦਾਰ ਮਿਲ ਜਾਂਦੇ ਹਨ। ਅਤੇ ਵੇਚਣ ਤੋਂ ਬਾਅਦ ਫੜੇ ਵੀ ਨਹੀਂ ਜਾ ਸਕਦੇ ਹਨ। ਜੀ ਹਾਂ ਇਹ ਚੀਜ਼ ਹੈ ‘ਰਿਮ ਸਮੇਤ ਟਾਇਰ’,ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਘਰ ਦੇ ਬਾਹਰ ਖੜੀ ਹੋਂਡਾ ਕਾਰ ‘ਤੇ ਚੋਰਾਂ ਨੇ ਚਾਰੋ ਟਾਇਰਾ ‘ਤੇ ਹੱਥ ਸਾਫ ਕੀਤੇ ਅਤੇ ਗੱਡੀ ਨੂੰ ਫਟਿਆਂ ‘ਤੇ ਖੜਾ ਕਰ ਗਏ ਹੁਣ ਲੁਧਿਆਣਾ ਵਿੱਚ 2 ਗੱਡੀਆਂ ਨਾਲ ਵੀ ਅਜਿਹੀ ਹੀ ਕਰਤੂਤ ਕੀਤੀ ।
ਲੁਧਿਆਣਾ ਦੇ ਜਗਜੀਤ ਨਗਰ ਵਿੱਚ ਬਣੀ ਕਾਲੋਨੀ ਵਿੱਚ ਚੋਰਾਂ ਨੇ 2 ਗੱਡੀਆਂ ਦੇ ਟਾਇਰ ਉਤਾਰ ਕੇ ਗੱਡੀ ਨੂੰ ਇੱਟਾਂ ਤੇ ਖੜੀਆਂ ਕਰ ਦਿੱਤੀਆਂ । ਦੱਸਿਆ ਜਾ ਰਿਹਾ ਹੈ ਕਿ ਚੋਰ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਪਹੁੰਚੇ ਅਤੇ 2 ਚੋਰ ਕਾਰ ਵਿੱਚ ਹੀ ਬੈਠੇ ਰਹੇ ਜਦਕਿ ਇੱਕ ਨੇ ਬਾਹਰ ਨਿਕਲ ਕੇ ਗੱਡੀਆਂ ਦੇ ਟਾਇਰ ਉਤਾਰੇ । ਘਟਨਾ ਉਸ ਵੇਲੇ ਨਸ਼ਰ ਹੋਈ ਜਦੋਂ ਕਾਰ ਦੇ ਮਾਲਕ ਸਵੇਰ ਵੇਲੇ ਪਹੁੰਚਿਆ। ਜਿਸ ਦੇ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ। ਥਾਣਾ ਸਦਰ ਦੀ ਟੀਮ ਨੇ ਆਲੇ-ਦੁਆਲੇ ਦੇ CCTV ਕੈਮਰਿਆਂ ਦੀ ਫੁੱਟੇਜ ਨੂੰ ਖੰਗਾਲਿਆ ਤਾਂ ਸਵਿਫਟ ਕਾਰ ਵਿੱਚ 2 ਚੋਰ ਆਉਂਦੇ ਨਜ਼ਰ ਆਏ।
ਚੋਰ ਜਿਸ ਗੱਡੀ ‘ਤੇ ਆਏ ਸਨ CCTV ਤੋਂ ਬਚਣ ਦੇ ਲਈ ਉਨ੍ਹਾਂ ਨੇ ਆਪਣੀ ਗੱਡੀ ਦੀ ਲਾਈਟ ਹਾਈ ਬੀਮ ‘ਤੇ ਰੱਖੀ ਸੀ । ਮਿੰਟਾ -ਸਕਿੰਟਾਂ ਵਿੱਚ ਚੋਰਾਂ ਨੇ ਗੱਡੀ ਦੇ ਟਾਇਰ ਕੱਢੇ ਅਤੇ ਇੱਟਾਂ ‘ਤੇ ਖੜੀ ਕਰਕੇ ਫਰਾਰ ਹੋ ਗਏ ।
ਮਨਜੀਤ ਸਿੰਘ ਅਤੇ ਪਵਨ ਨੇ ਦੱਸਿਆ ਕਿ ਤਕਰੀਬਨ 1 ਤੋਂ 2 ਸਾਲ ਪਹਿਲਾਂ ਇਸੇ ਕਾਲੋਨੀ ਵਿੱਚ ਇਹ ਸੋਚ ਕੇ ਘਰ ਲਿਆ ਸੀ ਕਿ ਇੱਥੇ ਗੇਟ ਲੱਗੇ ਹੋਏ ਹਨ ਅਤੇ ਚੋਰੀ ਦੀ ਵਾਰਦਾਤ ਘੱਟ ਹੋਵੇਗੀ । ਕੋਈ ਸ਼ੱਕੀ ਵਿਅਕਤੀ ਕਾਲੋਨੀ ਵਿੱਚ ਨਹੀਂ ਦਾਖਲ ਹੋ ਸਕਦਾ ਹੈ । ਪਰ ਇਸ ਦੇ ਬਾਵਜੂਦ ਇਨੋਵਾ ਅਤੇ ਬਲੇਰੋ ਗੱਡੀ ਦੇ ਟਾਇਰ ਚੋਰ ਅਸਾਨੀ ਨਾਲ ਲੈਕੇ ਫਰਾਰ ਹੋ ਗਏ । ਉਨ੍ਹਾਂ ਨੇ ਕਿਹਾ ਕਿ ਚੋਰਾਂ ਨੂੰ ਚੌਕੀਦਾਰ ਦਾ ਵੀ ਖੌਫ ਨਹੀਂ ਹੈ ਇਲਾਕੇ ਵਿੱਚ ਤਿੰਨ-ਤਿੰਨ ਗਾਰਡ ਮੌਜਦੂ ਹਨ।
ਮਨਜੀਤ ਸਿੰਘ ਅਤੇ ਪਵਨ ਨੇ ਕਿਹਾ ਕਿ ਚੋਰੀ ਦੀ ਇਸ ਪੂਰੀ ਵਾਰਦਾਤ ਬਾਰੇ ਚੌਕੀਦਾਰਾਂ ਤੋਂ ਵੀ ਪੁੱਛ-ਗਿੱਛ ਹੋਣੀ ਚਾਹੀਦੀ ਹੈ। ਕਿਉਂਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਰ ਕਿਵੇਂ ਗਲੀ ਵਿੱਚ ਦਾਖਲ ਹੋ ਸਕਦੀ ਹੈ। ਕੀ ਚੋਰੀ ਦੇ ਇਸ ਮਾਮਲੇ ਵਿੱਚ ਕੋਈ ਗਾਰਡ ਤਾਂ ਨਹੀਂ ਮਿਲਿਆ ਹੋ ਸਕਦਾ ਹੈ ? ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਾਲੋਨੀ ਤੋਂ ਇਸ ਤੋਂ ਪਹਿਲਾਂ ਹੀ ਕੈਸ਼ ਚੋਰੀ ਹੋਇਆ ਸੀ । ਪੁਲਿਸ ਇਸ ਮਾਮਲੇ ਵਿੱਚ ਸੀਸੀਟੀਵੀ ਖੰਗਾਲਨ ਵਿੱਚ ਲੱਗੀ ਹੈ ।