Punjab

ਜ਼ੀਰਕਪੁਰ ‘ਚ ਹਨੀਮੂਨ ’ਤੇ ਗਏ ਜੋੜੇ ਦੇ ਘਰੋਂ ਲੱਖਾਂ ਦੇ ਗਹਿਣੇ ਚੋਰੀ

Jewelry worth lakhs stolen from the house of a couple who went on honeymoon in Zirakpur

ਜ਼ੀਰਕਪੁਰ : ਪੰਜਾਬ ਅਤੇ ਚੰਡੀਗੜ੍ਹ ‘ਚ ਲੁੱਟਾਂ ਖੋਹਾਂ ਅਤੇ ਚੋਰੀ ਦੇ ਮਾਮਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ।  ਜਿਸ ਕਾਰਨ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਜ਼ੀਰਕਪੁਰ ਦੀ ਭਬਾਤ ਰੋਡ ’ਤੇ ਸਥਿਤ ਜਰਨੈਲ ਐਨਕਲੇਵ-2 ਵਿਚਲੇ ਇਕ ਘਰ ਵਿੱਚ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਚੰਡੀਗੜ੍ਹ ਏਅਰਫੋਰਸ ਸਟੇਸ਼ਨ ਵਿੱਚ ਨੌਕਰੀ ਕਰਦੇ ਸਬਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। ਵਿਆਹ ਮਗਰੋਂ ਉਸ ਨੇ ਉੱਕਤ ਘਰ ਦੀ ਪਹਿਲੀ ਮੰਜ਼ਿਲ ’ਤੇ ਘਰ ਕਿਰਾਏ ’ਤੇ ਲਿਆ ਹੈ ਜਿੱਥੇ ਉਹ ਆਪਣੀ ਪਤਨੀ ਨਾਲ ਰਹਿੰਦਾ ਹੈ।

ਲੰਘੀ 15 ਤਰੀਕ ਉਹ ਆਪਣੀ ਪਤਨੀ ਨਾਲ ਹਨੀਮੂਨ ਮਨਾਉਣ ਲਈ ਮਨਾਲੀ ਗਿਆ ਸੀ। ਜਦ ਉਹ ਵਾਪਸ ਆਏ ਤਾਂ ਉਸ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ। ਘਰ ਦੇ ਅੰਦਰ ਤੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਗਾਇਬ ਸੀ। ਉਸਨੇ ਦੱਸਿਆ ਕਿ ਉਸ ਦੇ ਹੇਠਾਂ ਗਰਾਊਂਡ ਫਲੌਰ ’ਤੇ ਰਹਿੰਦਾ ਮਕਾਨ ਮਾਲਕ ਆਪਣੇ ਪਰਿਵਾਰ ਨਾਲ ਨੋਇਡਾ ਗਿਆ ਹੋਇਆ ਸੀ ਜਿਸ ਦੇ ਘਰ ਵੀ ਸਾਮਾਨ ਖਿੱਲਰਿਆ ਪਿਆ ਸੀ।

ਸਬਿੰਦਰ ਸਿੰਘ ਨੇ ਦੱਸਿਆ ਕਿ ਚੋਰ ਉਸਦੀ ਅਤੇ ਉਸਦੀ ਪਤਨੀ ਦੀ ਹੀਰੇ ਦੀ ਅੰਗੂਠੀ, ਸੋਨੇ ਦੀ ਅੰਗੂਠੀ, ਸੋਨੇ ਦੇ ਝੂਮਕੇ, ਤਿੰਨ ਬ੍ਰਾਂਡਡ ਘੜੀ ਅਤੇ 16 ਹਜ਼ਾਰ ਰੁਪਏ ਦੀ ਨਕਦੀ ਲੈ ਗਏ।  ਥਾਣਾ ਮੁਖੀ ਦੀਪਇੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।