Punjab

“ਕਿਸੇ ‘ਤੇ ਵੀ ਲਾਠੀਚਾਰਜ ਨਹੀਂ ਕੀਤਾ ਗਿਆ ਹੈ ‘ਤੇ ਨਾ ਕਿਸੇ ਨੂੰ ਧਰਨੇ ਵਾਲੀ ਥਾਂ ‘ਤੇ ਜਾਣ ਤੋਂ ਰੋਕਿਆ ਹੈ” SSP ਫਿਰੋਜ਼ਪੁਰ

"No one has been lathi-charged and no one has been prevented from going to the protest site" SSP Ferozepur

ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਇਲਾਕੇ ਵਿੱਚ ਚੱਲ ਰਹੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਿਹਾ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਇਸ ਵੇਲੇ ਦੀ ਵੱਡੀ ਅਪਡੇਟ ਹੈ ਕਿ ਮੋਰਚੇ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਹੁਣ ਕਿਸਾਨ ਜਥੇਬੰਦੀਆਂ ਵੀ ਖੁੱਲੇ ਤੌਰ ਤੇ ਇਸ ਮੋਰਚੇ ਦੀ ਹਮਾਇਤ ਵਿੱਚ ਉੱਤਰ ਆਈਆਂ ਹਨ।ਇਸ ਵੇਲੇ ਕਈ ਕਿਸਾਨ ਜਥੇਬੰਦੀਆਂ ਵੀ ਧਰਨੇ ਵਾਲੀ ਥਾਂ ‘ਤੇ ਪਹੁੰਚ ਰਹੀਆਂ ਹਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਜੀਰਾ ਧਰਨੇ ਸਬੰਧੀ ਸਵਾਲ ਚੁਕਿਆ ਹੈ ਕਿ ਸਰਕਾਰ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਰਿਹਾਅ ਕਿਉਂ ਨਹੀਂ ਕਰ ਰਹੀ ਹੈ? ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਠੰਡ ਇਸ ਵੇਲੇ ਆਪਣੇ ਪੈਰ ਪਸਾਰ ਰਹੀ ਹੈ ਪਰ ਕਿਸਾਨ ਤੇ ਆਮ ਲੋਕ ਸੜਕਾਂ ਤੇ ਧਰਨੇ ਲਾ ਰਹੇ ਹਨ।

ਇਤਿਹਾਸ ਦੀ ਗੱਲ ਕਰਦਿਆਂ ਪੰਧੇਰ ਨੇ ਕਿਹਾ ਹੈ ਕਿ ਅੱਗੇ ਤਾਨਾਸ਼ਾਹ ਹੁਕਮ ਜਾਰੀ ਕਰ ਕੇ ਮਨੁੱਖੀ ਹੱਕਾਂ ਦਾ ਘਾਣ ਕਰਦੇ ਸੀ ਪਰ ਹੁਣ ਇਹ ਕੰਮ ਸਰਕਾਰਾਂ ਕਰ ਰਹੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਵੱਧ ਤੋਂ ਵੱਧ ਸੰਖਿਆਂ ਵਿੱਚ ਜ਼ੀਰਾ ਧਰਨੇ ਵਿੱਚ ਪਹੁੰਚਣ ਦੀ ਅਪੀਲ ਸਾਰਿਆਂ ਨੂੰ ਕੀਤੀ ਹੈ।ਇਸ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਵੀ ਇਹ ਅਪੀਲ ਸਾਰਿਆਂ ਨੂੰ ਕਰ ਚੁੱਕੇ ਹਨ।

ਦੱਸ ਦਈਏ ਕਿ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਪਿਛਲੇ 148 ਦਿਨਾਂ ਤੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ।  ਲੰਘੇ ਕੱਲ੍ਹ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਔਰਤਾਂ ਸਣੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਤੰਬੂ ਢਾਹ ਦਿੱਤੇ ਸਨ, ਜਿਸ ਤੋਂ ਬਾਅਦ ਉਥੇ ਮੌਜੂਦ ਭੀੜ ਭੜਕ ਗਈ ਸੂ। ਮਾਹੌਲ ਤਣਾਅ ਵਾਲਾ ਬਣਿਆ ਹੋਇਆ ਸੂ। ਪੁਲਿਸ ਨੇ ਸ਼ਰਾਬ ਫੈਕਟਰੀ ਨੂੰ ਜਾਣ ਵਾਲਾ ਰਸਤਾ ਸਾਫ਼ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਉੱਥੇ ਇਕੱਠੀ ਹੋਈ ਭੀੜ ਭੜਕ ਗਈ ਤਾਂ ਅਤੇ ਹੋਰ ਪ੍ਰਦਰਸ਼ਨਕਾਰੀ ਨੈਸ਼ਨਲ ਹਾਈਵੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਨੈਸ਼ਨਲ ਹਾਈਵੇਅ ਜਾਮ ਕਰਨ ਲਈ ਅੱਗੇ ਵਧ ਰਹੀਆਂ ਔਰਤਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਪੁਲਿਸ ਵੱਲੋਂ ਲੋਕਾਂ ਨੂੰ ਮੌਕੇ ਤੋਂ ਭਜਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਅਤੇ ਹੱਥੋਪਾਈ ਹੋ ਰਹੀ ਸੀ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕਿਹਾ ਹੈ ਕਿ ਉਹ ਸ਼ਰਾਬ ਦੀ ਫੈਕਟਰੀ ਨਹੀਂ ਚੱਲਣ ਦੇਣਗੇ।

ਇੱਕ ਪਾਸੇ ਜਿਥੇ ਧਰਨੇ ਵਾਲੀ ਥਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਨਾਲ ਧੱਕਾ ਕਰ ਰਿਹਾ ਹੈ,ਉਥੇ ਇਸ ਧਰਨੇ ਨੂੰ ਲੈ ਕੇ ਐਸਐਸਪੀ ਫਿਰੋਜ਼ਪੁਰ ਕੰਵਰਦੀਪ ਕੌਰ ਦਾ ਵੱਡਾ ਬਿਆਨ ਵੀ ਆਇਆ ਹੈ,ਜਿਸ ਵਿੱਚ ਉਹਨਾਂ ਦਾਅਵਾ ਕੀਤਾ ਹੈ ਕਿ ਕਿਸੇ ਨੂੰ ਧਰਨੇ ਵਾਲੀ ਥਾਂ ‘ਤੇ ਜਾਣ ਤੋਂ ਨਹੀਂ ਰੋਕਿਆ ਨਹੀਂ ਜਾ ਰਿਹਾ ਹੈ ,ਸਿਰਫ ਪੁਲਿਸ ਦਾ ਰਾਹ ਰੋਕਣ ਵਾਲਿਆਂ ਨੂੰ ਹੀ ਗ੍ਰਿਫ਼ਤਾਰ ਕੀਤਾ।

ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਹਾਲੇ ਤੱਕ 46 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਇਹ ਸਾਰੀ ਕਾਰਵਾਈ ਹਾਈਕੋਰਟ ਦੇ ਹੁਕਮਾਂ ‘ਤੇ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਪੁਲਿਸ ਵੱਲੋਂ ਕਿਸੇ ‘ਤੇ ਵੀ ਲਾਠੀਚਾਰਜ ਕਰਨ ਦੀ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਫੈਕਟਰੀ ਤੋਂ 300 ਮੀਟਰ ਘੇਰੇ ‘ਚ ਧਾਰਾ 144 ਲਾਗੂ ਹੈ।