ਜ਼ੀਰਾ : ਪੰਜਾਬ ਦੇ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਸ਼ਰਾਬ ਫੈਕਟਰੀ ਦੇ ਬਾਹਰ ਮਾਹੌਲ ਤਣਾਅਪੂਰਨ ਹੋ ਗਿਆ ਹੈ। ਪੁਲਿਸ ਨੇ ਅੱਜ ਸਖਤ ਕਾਰਵਾਈ ਕਰਦੇ ਹੋਏ ਔਰਤਾਂ ਸਣੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਤੰਬੂ ਢਾਹ ਦਿੱਤੇ ਹਨ।
ਪੁਲਿਸ ਵੱਲੋਂ ਜ਼ੀਰੇ ਧਰਨੇ ‘ਤੇ ਕੀਤੀ ਇਸ ਕਾਰਵਾਈ ਦਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਬਦਲਾਅ ਵਾਲੀ ਸਰਕਾਰ ਦੇ ਬਾਹਰ ਤੋਂ ਦਿਖਾਉਣ ਦਾ ਚਿਹਰਾ ਕੋਈ ਹੋਰ ਅਤੇ ਅੰਦਰੋ ਕੋਈ ਹੋਰ ਹੈ।
ਕਿਸਾਨ ਆਗੂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਹਿਬਲ ਕਲਾਂ ਵਾਲੀ ਗਲਤੀ ਕਰਨ ਦੀ ਸਰਕਾਰ ਕਦੇ ਵੀ ਦੁਬਾਰਾ ਨਾਂ ਸੋਚੇ । ਉਨ੍ਹਾਂ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਨੂੰ ਲੋਕ ਹਾਲੇ ਤੱਕ ਭੁੱਲ ਨਹੀਂ ਸਕੇ। ਡੱਲੇਵਾਲ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਜੋ ਹਸ਼ਰ ਅਕਾਲੀ ਦਲ ਦਾ ਹੋਇਆ ਹੈ ਓਹੀ ਜ਼ੀਰਾ ਪ੍ਰਦਰਸ਼ਨ ਤੋਂ ਬਾਅਦ ਇਸ ਸਰਕਾਰ ਦਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਹਰ ਇੱਕ ਸਮੱਸਿਆ ਦਾ ਹੱਲ ਗੱਲਬਾਤ ਹੁੰਦਾ ਹੈ ਪਰ ਪੰਜਾਬ ਸਰਕਾਰ ਨੇ ਗੱਲਬਾਤ ਦਾ ਬਹਾਨਾ ਬਣਾ ਕੇ ਸਿਰਫ ਇੱਕ ਵਾਰ ਗੱਲਬਾਤ ਕੀਤੀ ਗਈ ਹੈ ਜੋ ਕਿ ਬੇਸਿੱਟਾ ਨਿਕਲੀ ਹੈ। ਉਨ੍ਹਾਂ ਨੇ ਕਿਹਾ ਕਿ ਬੇਸਿੱਟਾ ਨਿਕਲੀ ਮੀਟਿੰਗ ਦਾ ਮਤਲਬ ਇਹ ਨਹੀਂ ਕਿ ਤਰੁੰਤ ਪੁਲਿਸ ਵੱਲੋਂ ਲਾਠੀਚਾਰਜ ਕਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਇਸ ਸ਼ਰਾਬ ਫੈਕਟਰੀ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਦੇ ਹੋਏ ਨੁਕਸਾਨ ਨੂੰ ਸੁਣਨਾ ਅਤੇ ਇੰਨਸਾਫ ਦੇਣਾ ਨਾਂ ਆਮ ਲੋਕਾਂ ਦੀ ਗੱਲ ਸੁਣੇ ਬਿਨਾਂ ਉਨ੍ਹਾਂ ‘ਤੇ ਕਾਰਵਾਈ ਕਰਨਾ, ਕੇਸ ਦਰਜ ਕਰਨੇ ਅਤੇ ਨਾ ਹਿਰਾਸਤ ‘ਚ ਲੈਣਾ।
ਦੱਸ ਦਈਏ ਕਿ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਪਿਛਲੇ 148 ਦਿਨਾਂ ਤੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਹਾਈਕੋਰਟ ਦੇ ਹੁਕਮਾਂ ਮਗਰੋਂ ਸਰਕਾਰ ਤੇ ਪੁਲਿਸ ਲਗਾਤਾਰ ਧਰਨੇ ਨੂੰ ਚੁੱਕਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਅਧੀਨ ਪੁਲਿਸ ਨੇ ਅੱਜ ਸਖਤ ਕਾਰਵਾਈ ਕਰਦੇ ਹੋਏ ਔਰਤਾਂ ਸਣੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਤੰਬੂ ਢਾਹ ਦਿੱਤੇ ਹਨ, ਜਿਸ ਤੋਂ ਬਾਅਦ ਉਥੇ ਮੌਜੂਦ ਭੀੜ ਭੜਕ ਗਈ ਹੈ। ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਪੁਲਿਸ ਨੇ ਸ਼ਰਾਬ ਫੈਕਟਰੀ ਨੂੰ ਜਾਣ ਵਾਲਾ ਰਸਤਾ ਸਾਫ਼ ਕਰ ਦਿੱਤਾ ਹੈ।
ਜਿਸ ਤੋਂ ਬਾਅਦ ਉੱਥੇ ਇਕੱਠੀ ਹੋਈ ਭੀੜ ਭੜਕ ਗਈ। ਰਤਾਂ ਅਤੇ ਹੋਰ ਪ੍ਰਦਰਸ਼ਨਕਾਰੀ ਨੈਸ਼ਨਲ ਹਾਈਵੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਨੈਸ਼ਨਲ ਹਾਈਵੇਅ ਜਾਮ ਕਰਨ ਲਈ ਅੱਗੇ ਵਧ ਰਹੀਆਂ ਔਰਤਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਲੋਕਾਂ ਨੂੰ ਮੌਕੇ ਤੋਂ ਭਜਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਅਤੇ ਹੱਥੋਪਾਈ ਹੋ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕਿਹਾ ਹੈ ਕਿ ਉਹ ਸ਼ਰਾਬ ਦੀ ਫੈਕਟਰੀ ਨਹੀਂ ਚੱਲਣ ਦੇਣਗੇ।
ਮਹਿਲਾ ਪੁਲਿਸ ਮੁਲਾਜ਼ਮ ਵੀ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਮਾਮੂਲੀ ਤਾਕਤ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਫੜ ਕੇ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬਿਠਾਇਆ ਜਾ ਰਿਹਾ ਹੈ। ਪੁਲਿਸ ਨੇ 150 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।