Punjab

ਸਰਕਾਰੀ ਬੱਸਾਂ ਨੂੰ ਫਿਰ ਲੱਗੀਆਂ ਬਰੇਕਾਂ,ਪਨ ਬੱਸ ਤੇ ਪੀਆਰਟੀਸੀ ਵੱਲੋਂ ਸੂਬੇ ਭਰ ਵਿੱਚ ਹੜ੍ਹਤਾਲ ਦਾ ਐਲਾਨ

ਮੁਹਾਲੀ : ਅੱਜ ਤੋਂ ਪੰਜਾਬ ਭਰ ਵਿੱਚ ਪਨਬੱਸ ਤੇ ਪੀਆਰਟੀਸੀ ਵੱਲੋਂ ਅਣਮਿੱਥੇ ਸਮੇਂ ਲਈ ਹੜ੍ਹਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ,ਜਿਸ ਤੋਂ ਬਾਅਦ ਹੁਣ ਰੋਜਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਹੈ ਸਕਦਾ ਹੈ ।

ਹੜ੍ਹਤਾਲੀ ਮੁਲਾਜ਼ਮ ਵਿਭਾਗ ਵਿੱਚ ਆਊਟਸੋਰਸਿੰਗ ਰਾਹੀਂ ਭਰਤੀ ਦਾ ਵਿਰੋਧ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਮਹਿਕਮਾ ਇਸ ਤਰੀਕੇ ਨਾਲ ਹੋਈ ਭਰਤੀ ਨੂੰ ਰੱਦ ਕਰੇ ਤੇ ਦੁਬਾਰਾ ਪੱਕੀ ਭਰਤੀ ਕੀਤੀ ਜਾਵੇ।

ਉਹਨਾਂ ਇਹ ਵੀ ਕਿਹਾ ਕਿ ਸਰਕਾਰ ਆਊਟਸੋਰਸਿੰਗ ਭਰਤੀ ਕਰਨ ਤੋਂ ਪਹਿਲਾਂ ਮਨਾ ਕਰ ਰਹੀ ਸੀ ਪਰ ਹੁਣ ਫਿਰ ਇਸ ਤਰੀਕੇ ਨਾਲ ਭਰਤੀ ਕੀਤੀ ਗਈ ਹੈ ਜੇ ਕਿ ਸਰਾਸਰ ਵਾਅਦਾ ਖਿਲਾਫ਼ੀ ਹੈ ,ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੂਬੇ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ 18 ਪਨਬੱਸ ਤੇ 9 ਪੀਆਰਟੀਸੀ ਦੇ ਡਿਪੂ ਬੰਦ ਰੱਖੇ ਗਏ ਹਨ ਤੇ ਇਸ ਤੋਂ ਇਲਾਵਾ ਅੱਜ ਚੰਡੀਗੜ੍ਹ ਵਿੱਖੇ ਮੁੱਖ ਮੰਤਰੀ ਪੰਜਾਬ ਦੀ ਸਰਕਾਰੀ  ਰਿਹਾਇਸ਼ ਦਾ ਵੀ ਘਿਰਾਉ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਰੋਡਵੇਜ਼ ਕਰਮਚਾਰੀ ਆਪਣੀਆਂ ਵੱਖ ਨਵੱਖ ਮੰਗਾਂ ਨੂੰ ਲੈ ਕੇ ਹੜ੍ਹਤਾਲ ਤੇ ਚੱਲ ਗਏ ਸੀ। ਇਸ ਦੌਰਾਨ ਮੰਗਾਂ ਭਾਵੇਂ ਬਰਖਾਸਤ ਕੰਡਕਟਰ ਨੂੰ ਬਹਾਲ ਕਰਨ ਤੋਂ ਲੈ ਕੇ ਹੋਰ ਵੀ ਕਈ ਸਨ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਉਦੋਂ ਵੀ ਉਠੀ ਸੀ।
ਤੇ ਸਰਕਾਰ ਵਲੋਂ ਜਿਆਦਾਤਰ ਮੰਗਾਂ ਸਵੀਕਾਰ ਕਰਨ ਤੋਂ ਮਗਰੋਂ ਹੜ੍ਹਤਾਲ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਸੀ ।

ਇਸ ਤੋਂ ਇਲਾਵਾ ਉਦੋਂ ਵੀ ਜਥੇਬੰਦੀ ਵਲੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਗਿਆ ਸੀ,ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ ।