ਮਾਨਸਾ : ਮਾਨਸਾ ਦੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਦੀ ਮੌਤ ਹੋਣ ਤੋ ਬਾਅਦ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਤੇ ਦੋਸ਼ ਲਗਾਇਆ ਹੈ ਕਿ ਡਾਕਟਰ ਵੱਲੋ ਦੂਸਰੇ ਸਟਾਫ ਤੋ ਵੀਡੀਓ ਕਾਨਫਰੰਸ ਦੇ ਜਰੀਏ ਡਿਲਵਰੀ ਕਰਵਾਈ ਜਾ ਰਹੀ ਸੀ। ਜਿਸ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਹੈ।
ਪੰਜਾਬ ਦੇ ਸਰਕਾਰੀ ਹਸਪਤਾਲ ਹਮੇਸ਼ਾ ਹੀ ਸੁਰਖੀਆ ਵਿੱਚ ਰਹਿੰਦੇ ਹਨ। ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਜੱਚਾ ਬੱਚਾ ਹਸਪਤਾਲ ਵਿਖੇ ਡਿਲਵਰੀ ਦੇ ਲਈ ਆਈ ਔਰਤ ਅਤੇ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਸਹੀ ਇਲਾਜ ਨਹੀਂ ਹੋਇਆ ਅਤੇ ਡਾਕਟਰ ਵੱਲੋ ਵੀਡੀਓ ਕਾਲ ਦੇ ਜਰੀਏ ਸਟਾਫ ਤੋ ਡਿਲਵਰੀ ਕਰਵਾਈ ਜਾ ਰਹੀ ਸੀ। ਜਿਸ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਸਰਕਾਰੀ ਹਸਪਤਾਲ ਵਿਖੇ ਧਰਨਾ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ
ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਿਵਲ ਹਸਪਤਾਲ ਵਿੱਚ ਪ੍ਰਾਈਵੇਟ ਹਸਪਤਾਲਾਂ ਵਾਂਗ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਹੈ। ਜਦੋਂ ਕਿ ਇੱਥੇ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਔਰਤ ਨੂੰ ਜਣੇਪੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਲਾਪਰਵਾਹੀ ਨੇ ਦੋਵਾਂ ਦੀ ਜਾਨ ਲੈ ਲਈ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਜਦੋਂ ਦੋਵਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਤੋਂ ਕੁਝ ਕਾਗਜ਼ਾਂ ’ਤੇ ਦਸਤਖਤ ਕਰਵਾਏ ਗਏ। ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਦੋਸ਼ਾਂ ਦੀ ਜਾਂਚ ਕਰੇਗਾ
ਸਿਵਲ ਹਸਪਤਾਲ ਮਾਨਸਾ ਦੇ ਇੰਚਾਰਜ ਡਾ. ਕਮਲਦੀਪ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਕੋਲ ਸ਼ਿਕਾਇਤ ਨਹੀਂ ਪੁੱਜੀ ਪਰ ਮ੍ਰਿਤਕ ਦੇ ਵਾਰਸਾਂ ਵੱਲੋਂ ਹਸਪਤਾਲ ਵਿੱਚ ਹੰਗਾਮਾ ਹੋਣ ਦੀ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ। ਜੇਕਰ ਵੀਡੀਓ ਕਾਲ ਰਾਹੀਂ ਡਲਿਵਰੀ ਦਾ ਮਾਮਲਾ ਸਾਹਮਣੇ ਆਇਆ ਅਤੇ ਡਲਿਵਰੀ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੋਈ ਵੀ ਡਾਕਟਰ ਜਾਣਬੁੱਝ ਕੇ ਮਰੀਜ਼ ਨੂੰ ਨਹੀਂ ਮਾਰਦਾ : ਸਿੰਗਲਾ
ਜੱਚਾ-ਬੱਚਾ ਦੀ ਮੌਤ ਤੋਂ ਬਾਅਦ ਸਥਾਨਕ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਹਸਪਤਾਲ ਪੁੱਜੇ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਸੀ.ਐਮ.ਓ. ਨਾਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ। ਸਿੰਗਲਾ ਨੇ ਕਿਹਾ ਕਿ ਕੋਈ ਵੀ ਡਾਕਟਰ ਜਾਣਬੁੱਝ ਕੇ ਮਰੀਜ਼ ਨੂੰ ਨਹੀਂ ਮਾਰਦਾ, ਫਿਰ ਵੀ ਅਸੀਂ ਲਾਪਰਵਾਹੀ ਦੀ ਜਾਂਚ ਕਰਵਾਵਾਂਗੇ ਅਤੇ ਵੀਡੀਓ ਕਾਲ ‘ਤੇ ਡਿਲੀਵਰੀ ਦੀ ਵੀ ਜਾਂਚ ਕੀਤੀ ਜਾਵੇਗੀ।