ਬਿਊਰੋ ਰਿਪੋਰਟ : ਉਡੀਸਾ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਅਸਥਾਨ ‘ਬਾਊਲੀ ਮੱਠ’ ਤੋਂ ਸਿੱਖਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਸੋਸ਼ਲ ਮੀਡੀਆ ਦੇ ਪਲੇਟਫਾਰਮ ਫੇਸਬੁੱਕ ‘ਤੇ ਪੁਰੀ ਉਡੀਸਾ ਦੇ ਰਹਿਣ ਵਾਲੇ ਸਤਿੰਦਰ ਸਿੰਘ ਨੇ ਪੋਸਟ ਪਾਕੇ ਇਲਜ਼ਾਮ ਲਗਾਇਆ ਹੈ ਕਿ ‘ਬਾਉਲੀ ਮੱਠ’ ਦੀ ਮਾਲਕੀ ਇਕ ਨਿੱਜੀ ਟ੍ਰਸਟ ‘ਭਾਈ ਹਿੰਮਤ ਸਿੰਘ ਰਿਲੀਜੀਅਸ ਐਡ ਚੈਰੀਟੇਬਲ ਟ੍ਰਸਟ’ ਨੂੰ 1.25 ਕਰੋੜ ਰੁਪਏ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਸ਼੍ਰੋਮਣੀ ਕਮੇਟੀ ਇਸ ਤੋਂ ਅਵੇਸਲੀ ਹੈ । ਸਥਾਨਕ ਲੋਕਾਂ ਵੱਲੋ ਵੀ ਇਸ ਤਜਵੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਸਤਿੰਦਰ ਸਿੰਘ ਨੇ ਕਿਹਾ ਕਿ ਪਹਿਲਾ ਮੰਗੂ ਮੱਠ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਈ ਸੀ ਉਸ ਦਾ ਸੌਦਾ 70 ਲੱਖ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਿਰੇ ਨਹੀਂ ਚੜਿਆ ਤਾਂ ਸਰਕਾਰ ਨੇ ਕਬਜ਼ਾ ਕਰਕੇ ਢਾਹ ਦਿੱਤਾ ਹੈ ਸਿਰਫ 10 x 10 ਥਾਂ ਹੀ ਬਚੀ ਹੈ। ਸਤਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਇਸੇ ਟ੍ਰਸਟ ਨੇ ਸਰਕਾਰ ਤੋ ਸਹਾਇਤਾ ਲੈ ਕੇ ਕੁਝ ਸਾਲ ਪਹਿਲਾਂ ਅਸਲ ਇਤਿਹਾਸਿਕ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਗ਼ੈਰ-ਇਤਿਹਾਸਿਕ ਗੁਰਦੁਆਰਾ ਆਰਤੀ ਸਾਹਿਬ ਦੇ ਨਾਮ ‘ਤੇ ਉਸਾਰੀ ਕੀਤੀ ਸੀ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਹੁਕਮਨਾਮਾ ਜਾਰੀ ਕਰਕੇ ਇਸ ਅਸਥਾਨ ਦਾ ਨਾਂ ਬਦਲਣ ਦੇ ਆਦੇਸ਼ ਦਿੱਤੇ ਸਨ ਕਿਉਂਕਿ ਸੰਗਤ ਨੂੰ ਇਤਿਹਾਸਿਕ ਸਥਾਨ ਦਾ ਨਾਂ ਕਰਕੇ ਭੁਲੇਖਾ ਪੈਂਦਾ ਸੀ,ਜੋ ਕਿ ਹੁਣ ਤੱਕ ਲਾਗੂ ਨਹੀਂ ਹੋਇਆ ਹੈ।
ਉਡੀਸਾ ਪੁਰੀ ਦੇ ਰਹਿਣ ਵਾਲੇ ਸਤਿੰਦਰ ਸਿੰਘ ਨੇ ਕਿਹਾ ਸਿੱਖਾਂ ਦਾ ਹਰ ਇਤਿਹਾਸਿਕ ਅਸਥਾਨ ਸਾਰੇ ਪੰਥ ਦੀ ਅਮਾਨਤ ਹੈ ਅਤੇ ਕਿਸੇ ਵੀ ਹਾਲ ਵਿੱਚ ਨਿੱਜੀ ਸੰਸਥਾ ਮਾਲਕ ਨਹੀਂ ਹੋ ਸਕਦੀ। ਐਸੇ ਅਸਥਾਨ ਨੂੰ ਸ਼੍ਰੋਮਣੀ ਕਮੇਟੀ ਨੂੰ ਖ਼ੁਦ ਉਦਮ ਕਰਕੇ ਆਪਣੇ ਨਾਮ ਜਾਂ ਲੋਕਲ ਬੋਰਡ ਦੇ ਨਾਮ ਕਰਵਾਕੇ ਪ੍ਰਬੰਧ ਚਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਇਸ ਸੰਬੰਧੀ ਅਨੇਕਾ ਮਤੇ ਲੋਕਲ ਜਗੰਨਾਥ ਮੰਦਿਰ ਕਮੇਟੀ ਤੋ ਖਰੀਦਣ ਲਈ ਸ਼੍ਰੋਮਣੀ ਕਮੇਟੀ ਪਾ ਚੁੱਕੀ ਹੈ। ਲੋੜ ਹੈ ਉਨ੍ਹਾਂ ਤੇ ਇਮਾਨਦਾਰੀ ਨਾਲ ਚੱਲਦੇ ਹੋਏ ਇਹ ਕਾਰਜ ਜਲਦੀ ਤੋ ਜਲਦੀ ਸਿਰੇ ਲਗਾਉਣੇ ਚਾਹੀਦੇ ਹਨ।
ਸਤਿੰਦਰ ਸਿੰਘ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧ ਵਿੱਚ ਕਿਸੇ ਵੀ ਸਹਿਯੋਗ ਜਾਂ ਜਾਣਕਾਰੀ ਦੀ ਲੋੜ ਹੋਵੇ ਤਾਂ ਅਸੀਂ ਹਰ ਸੰਭਵ ਮਦਦ ਲਈ ਤਿਆਰ ਹਾਂ। ਦੱਸਿਆ ਜਾ ਰਿਹਾ ਹੈ ਇਸ ਸਬੰਧ ਵਿੱਚ ਉਡੀਸਾ ਦੇ ਇੱਕ ਲੋਕਲ ਅਖਬਾਰ ਵਿੱਚ 8 ਦਸੰਬਰ ਨੂੰ ਲੋਕਾਂ ਦੇ ਵਿਰੋਧੀ ਦੀ ਖ਼ਬਰ ਵੀ ਛੱਪੀ ਸੀ ।